ਸਾਦਿਕ,21 ਮਈ (ਭਗਵਾਨ ਭੰਗੂ) : ਸਾਦਿਕ ਥਾਣੇ ਤੋਂ ਦੋ ਕਿਲੋਮੀਟਰ ਦੂਰ ਜੰਡ ਸਾਹਿਬ ਵਾਲੀ ਸੜਕ ‘ਤੇ ਆਈਪੀਐੱਸ ਸਕੂਲ ਕੋਲ ਕਾਰ ਸਵਾਰ ਆੜ੍ਹਤੀ ਤੋਂ ਗੰਨ-ਪੁਆਇੰਟ ‘ਤੇ 6 ਲੱਖ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨਸਾਰ ਵਿਕਾਸ ਬਜਾਜ ਸਾਦਿਕ ਤੋਂ ਰਾਤ ਕਰੀਬ 9 ਕੁ ਵਜੇ ਆਪਣੇ ਪਿਤਾ ਪਵਨ ਕੁਮਾਰ ਨੂੰ ਦਾਣਾ ਮੰਡੀ ਜੰਡ ਸਾਹਿਬ ਤੋਂ ਕਾਰ ‘ਤੇ ਲੈਣ ਜਾ ਰਿਹਾ ਸੀ। ਜਦ ਉਹ ਸਕੂਲ ਕੋਲ ਪੁੱਜਾ ਤਾਂ ਪਿਛੋਂ ਆ ਰਹੇ ਦੋ ਮੋਟਰ ਸਾਈਕਲ ਸਵਾਰਾਂ ਨੇ ਪੱਥਰ ਮਾਰ ਕੇ ਚਲਦੀ ਕਾਰ ਦਾ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਤੋੜ ਦਿੱਤਾ ਜਿਸ ਤੋਂ ਬਾਅਦ ਵਿਕਾਸ ਨੇ ਗੱਡੀ ਰੋਕ ਲਈ। ਸ਼ੀਸ਼ਾ ਲੱਗਣ ਨਾਲ ਸੱਟਾਂ ਵੀ ਲੱਗੀਆਂ। ਗੱਡੀ ਰੁਕਣ ‘ਤੇ ਮੂੰਹ ਬੰਨ੍ਹ ਕੇ ਆਏ ਲੁਟੇਰਿਆਂ ਨੇ ਉਸ ਨੁੰ ਵਾਲਾਂ ਤੋਂ ਫੜ ਲਿਆ ਤੇ ਪਿਸਤੌਲ ਵਿਖਾ ਕੇ ਧਮਕੀ ਦੇ ਕੇ ਪਿਛਲੀ ਸੀਟ ‘ਤੇ ਪਿਆ ਡੈਲ ਲੈਪਟਾਪ ਵਾਲਾ ਬੈਗ ਤੇ ਆੜ੍ਹਤ ਦੇ ਉਸ ਵਿੱਚ ਰੱਖੇ 6 ਲੱਖ ਰੁਪਏ ਚੁੱਕੇ ਤੇ ਚੁੱਕ ਕੇ ਫਰਾਰ ਹੋ ਗਏ।ਸੰਜੀਵ ਬਜਾਜ ਨੇ ਦੱਸਿਆ ਕਿ ਇਸ ਘਟਨਾ ਨਾਲ ਵਿਕਾਸ ਸਹਿਮ ਗਿਆ ਤੇ ਕੁਝ ਸਮੇਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਫੋਨ ਤੇ ਘਟਨਾ ਦੀ ਜਾਣਕਾਰੀ ਦਿੱਤੀ। ਅਸੀਂ ਮੌਕੇ ‘ਤੇ ਪੁੱਜੇ ਤੇ ਵਿਕਾਸ ਨੂੰ ਕਾਰ ‘ਚੋਂ ਬਾਹਰ ਕੱਢਿਆ। ਲੁਟੇਰੇ 6 ਲੱਖ ਰੁਪਏ ਦੀ ਨਗਦੀ ਤੇ ਲੈਪਟਾਪ ਲੈ ਕੇ ਫਰਾਰ ਹੋ ਗਏ। ਪਵਨ ਬਜਾਜ ਜੰਡ ਸਾਹਿਬ ਵਿਖੇ ਆੜ੍ਹਤ ਦਾ ਕੰਮ ਕਰਦਾ ਹੈ ਤੇ ਅਕਸਰ ਉਥੇ ਲੇਟ ਹੋ ਜਾਂਦਾ ਹੈ ਤੇ ਉਸ ਨੂੰ ਕਾਰ ‘ਤੇ ਲੈ ਕੇ ਆਉਂਦੇ ਹਨ। ਵਿਕਾਸ ਸਾਦਿਕ ਵਿਖੇ ਪੈਸਟੀਸਾਈਡ ਦਾ ਕੰਮ ਕਰਦਾ ਹੈ ਤੇ ਘਰ ਮਾਤਾ ਇਕੱਲੀ ਹੋਣ ਕਾਰਨ ਉਹ ਆਪਣਾ ਡੈਲ ਲੈਪਟਾਪ ਤੇ ਨਗਦੀ ਨਾਲ ਹੀ ਲੈ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਥਾਣਾ ਸਾਦਿਕ ਇਤਲਾਹ ਦਿੱਤੀ ਤਾਂ ਪੁਲਿਸ ਨੇ ਮੌਕਾ ਦੇਖ ਕੇ ਨਾਕਾਬੰਦੀ ਤੇਜ਼ ਕਰ ਦਿੱਤੀ।ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਵਿਕਾਸ ਕੁਮਾਰ ਦੇ ਬਿਆਨਾਂ ‘ਤੇ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ।