ਜਲੰਧਰ,25 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬੱਚਿਆਂ ‘ਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਚੱਲ ਰਹੇ ਸਮਾਗਮ ਦੀ ਲੜੀ ਅਧੀਨ 9 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਰੱਖਿਆ ਗਿਆ ਹੈ।ਸਕੂਲ ਪ੍ਰਿੰਸੀਪਲ ਬਲਜੀਤ ਸਿੰਘ ਨੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਇਸ ਜ਼ਿਲ੍ਹੇ ਦੇ ਮੁੱਖ ਸੰਪਾਦਕ ਗੋਰਵਮੀਤ ਸਿੰਘ ਜੋਸਨ ਦੇ ਹਵਾਲੇ ਨਾਲ ਦੱਸਿਆ ਕਿ ਸਮਾਗਮ ਦੌਰਾਨ ਇਸ ਕਿਤਾਬ ਵਿਚਲੇ ਬਾਲ ਸਾਹਿਤਕਾਰਾਂ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਹੈ ਕਿ ਸਮਾਗਮ ਦੇ ਮੁੱਖ ਮਹਿਮਾਨ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਹੋਣਗੇ ਜਦ ਕਿ ਸਮਾਗਮ ਦੀ ਪ੍ਰਧਾਨਗੀ ਕਪਿਲ ਸ਼ਰਮਾ ਉੱਪ ਸਿੱਖਿਆ ਅਫਸਰ (ਸੈ.ਸਿ.) ਸ਼੍ਰੀ ਮੁਕਤਸਰ ਸਾਹਿਬ ਕਰਨਗੇ। ਜ਼ਿਲ੍ਹਾ ਟੀਮ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਸਮਾਗਮ ਵਿੱਚ ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੇ ਮੁੱਖ ਸੰਚਾਲਿਕਾ ਮੈਡਮ ਪ੍ਰੀਤ ਹੀਰ, ਨਵੀਆਂ ਕਲਮਾਂ ਨਵੀਂ ਉਡਾਣ ਦੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਅਤੇ ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।ਇਸ ਮੌਕੇ ਬਲਜੀਤ ਸਿੰਘ, ਸੁਖਦੇਵ ਸਿੰਘ, ਅਜਮੇਰ ਸਿੰਘ, ਹਿੰਮਤ ਸਿੰਘ, ਜੋਧਬੀਰ ਸਿੰਘ ਜੋਸਨ, ਵਿਜੈ ਗਰਗ, ਸ਼੍ਰੀਮਤੀ ਪਰਮ ਸਿੱਧੂ ਅਤੇ ਸ਼੍ਰੀਮਤੀ ਕਰਮਜੀਤ ਕੌਰ ਹਾਜ਼ਰ ਸਨ।