ਫ਼ਤਹਿਗੜ੍ਹ ਸਾਹਿਬ, 08 ਜੂਨ ( ਲਿਕੇਸ਼ ਸ਼ਰਮਾਂ, ਰਾਜਨ ਜੈਨ) – ਰਾਕੇਸ਼ ਕੁਮਾਰ ਯਾਦਵ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਫਤਹਿਗੜ੍ਹ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮਈ ਮਹੀਨੇ ਦੇ ਦੂਜੇ ਹਫਤੇ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਇੱਕ ਵੱਡੇ ਕਾਰੋਬਾਰੀ ਘਰਾਣੇ ਦੇ ਘਰ ਹੋਈ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਜਿਲਾ ਪੁਲਿਸ ਨੇ ਸੁਲਝਾ ਕੇ ਵਾਰਦਾਤ ਵਿੱਚ ਸ਼ਾਮਲ ਇੱਕ ਔਰਤ ਸਮੇਤ 06 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ, ਇੱਕ ਆਈਫੋਨ 15 ਪਰੋ, ਚੋਰਾਂ ਵੱਲੋਂ ਖਰੀਦੀ ਇੱਕ ਕਾਰ, ਦੋ ਮੋਟਰਸਾਈਕਲ ਅਤੇ ਵਾਰਦਾਤ ਕਰਨ ਲਈ ਵਰਤੇ ਗਏ ਦੋ ਮੋਟਰਸਾਈਕਲ ਬ੍ਰਾਮਦ ਕੀਤੇ ਗਏ।
ਇਸ ਘਟਨਾ ਦੇ ਵੇਰਵੇ ਦਿੰਦਿਆ ਸ੍ਰੀ ਰਾਕੇਸ਼ ਕੁਮਾਰ ਯਾਦਵ ਨੇ ਹੋਰ ਦੱਸਿਆ ਕਿ, ਮੰਡੀ ਗੋਬਿੰਦਗੜ ਸ਼ਹਿਰ ਦੇ ਨਾਮੀ ਕਾਰਬਾਰੀ ਗੌਰਵ ਸਿੰਗਲਾ ਤੇ ਸੋਰਵ ਸਿੰਗਲਾ ਪੁੱਤਰਾਨ ਦਿਨੇਸ਼ ਸਿੰਗਲਾ ਵਾਸੀਆਨ 26-ਏ, ਚੰਦਰਲੋਕ ਕਲੋਨੀ ਮੰਡੀ ਗੋਬਿੰਦਗੜ੍ਹ ਮਿਤੀ 08.05.2024 ਨੂੰ ਸ਼ਾਮ ਸਮੇ ਦਿੱਲੀ ਵਿਖੇ ਇੱਕ ਮੈਰਿਜ਼ ਅਟੈਂਡ ਕਰਨ ਲਈ ਗਏ ਹੋਏ ਸਨ। ਜਿਹਨਾਂ ਨੇ ਆਪਣੇ ਘਰ ਦੀ ਨਿਗਰਾਨੀ ਲਈ ਆਪਣੇ ਦੇ ਨੋਕਰਾਂ ਨੂੰ ਛੱਡਿਆ ਹੋਇਆ ਸੀ, ਪਰ ਅਚਾਨਕ ਰਾਤ ਨੂੰ ਵਕਤ ਕਰੀਬ 12.00 ਵਜੇ ਘਰ ਦਾ ਪਿਛਲਾ ਦਰਵਾਜਾ ਤੋੜ ਕੇ ਚਾਰ ਅਣਪਛਾਤੇ ਨੌਜਵਾਨ ਮਕਾਨ ਅੰਦਰ ਦਾਖਲ ਹੋਏ ਸਨ, ਜਿਹਨਾਂ ਨੇ ਦੋਨਾਂ ਨੌਕਰਾਂ ਨੂੰ ਬੰਧਕ ਬਣਾਕੇ ਘਰ ਦੇ ਮੁਖੀ ਦੇ ਬੈਡਰੂਮ ਅਤੇ ਸਟੋਰ ਦੇ ਲਾਕਰ ਤੋੜ ਕੇ ਉਹਨਾਂ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਚਾਂਦੀ ਦੇ ਦੋ ਡਿਨਰ ਸੈਟ, ਸੋਨੇ ਚਾਂਦੀ, ਡਾਇਮੰਡ ਦੇ ਗਹਿਣੇ, ਕੀਮਤੀ ਧਾਤੂਆਂ, ਚਾਂਦੀ ਦੀਆਂ ਪੂਜਾ ਵਾਲੀਆਂ ਮੂਰਤੀਆਂ ਅਤੇ ਇੱਕ ਆਈਫੋਨ 15 ਪਰੋ ਚੋਰੀ ਕਰ ਲਏ ਸਨ ਅਤੇ ਜਾਣ ਲੱਗੇ ਦੋਨਾਂ ਨੌਕਰਾਂ ਨੂੰ ਬੰਨਕੇ ਫਰਾਰ ਹੋ ਗਏ ਸੀ। ਜਿਸ ਸਬੰਧੀ ਨੌਕਰਾਂ ਵੱਲੋਂ ਫੋਨ ਕਰਨ ਤੇ ਮਾਲਕ ਵਾਪਸ ਆਏ ਅਤੇ ਗੌਰਵ ਸਿੰਗਲਾ ਨੇ ਮੁਕਦਮਾ ਨੰਬਰ 80 ਮਿਤੀ 09.05.2024 ਅ/ਧ 457,380,342 ਥਾਣਾ ਮੰਡੀ ਗੋਬਿੰਦਗੜ੍ਹ ਦਰਜ ਰਜਿਸਟਰ ਕਰਵਾਇਆ।
ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਇਸ ਵੱਡੀ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਰਾਜੇਸ਼ ਕੁਮਾਰ ਛਿੱਬੜ ਪੀ.ਪੀ.ਐਸ. ਡੀ.ਐਸ.ਪੀ ਸਰਕਲ ਅਮਲੋਹ, ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਰਹਿੰਦ, ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ ਦੀਆਂ ਟੀਮਾਂ ਨੇ ਟੈਕਨੀਕਲ ਸੈਲ ਦੀ ਮੱਦਦ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਮਿਤੀ 07.06.2024 ਨੂੰ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀਆਂ ਗੁਰਦੀਪ ਸਿੰਘ ਉਰਫ ਬੂਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਅਜਨਾਲੀ ਹਾਲ ਵਾਸੀ ਤਰਲੋਕਪੁਰੀ ਮੰਡੀ ਗੋਬਿੰਦਗੜ੍ਹ, ਕਰਨਵੀਰ ਸਿੰਘ ਵਾਸੀ ਬੀੜ ਕੁੰਬੜਾ ਥਾਣਾ ਗੋਬਿੰਦਗੜ੍ਹ, ਸੁਨੀਲ ਕੁਮਾਰ ਵਾਸੀ 35 ਫੋਕਲ ਪੁਆਇੰਟ ਅਜਨਾਲੀ ਹਾਲ ਵਾਸੀ ਜਾਲ ਮਾਰਕੀਟ ਮੰਡੀ ਗੋਬਿੰਦਗੜ੍ਹ, ਰਕੀਬ ਪਾਨ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨੂੰ ਗੁਰਦੀਪ ਸਿੰਘ ਉਰਫ ਬੂਟਾ ਦੇ ਕਿਰਾਏ ਵਾਲੇ ਕਮਰੇ ਵਿੱਚੋ ਚੋਰੀ ਕੀਤੇ ਹੋਏ ਸੋਨੇ ਚਾਂਦੀ ਦੇ ਗਹਿਣਿਆ, ਭਾਂਡਿਆ ਅਤੇ ਇੱਕ ਆਈਫੋਨ 15 ਪਰੇ ਸਮੇਤ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੀ ਸਾਥੀ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਹਾਲ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਅਤੇ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਨੂੰ ਪਿੰਡ ਡਡਹੇੜੀ ਨੇੜਿਓ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਚੋਰੀ ਦੇ 03 ਲੱਖ ਰੁਪਏ ਨੰਨੂ ਦੇ ਐੱਚਡੀਐਫਸੀ ਬੈਂਕ ਦੇ ਖਾਤੇ ਵਿੱਚ ਜਮ੍ਹਾਂ ਪਾਏ ਗਏ ਹਨ।
ਯਾਦਵ ਨੇ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਮੁੱਖ ਭੂਮਿਕਾ ਉਕਤ ਪਰਿਵਾਰ ਦੀ ਸਾਬਕਾ ਨੌਕਰਾਣੀ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਹਾਲ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਅਤੇ ਉਸ ਦੇ ਮਾਲਕਾ ਪਾਸ ਡਰਾਇਵਰੀ ਕਰਦੇ ਪਿਤਾ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਮੰਡੀ ਗੋਬਿੰਦਗੜ੍ਹ ਵੱਲੋਂ ਨਿਭਾਈ ਗਈ ਹੈ। ਦੋਸ਼ਣ ਨੰਨੂ ਨੇ ਆਪਣੇ ਦੋਸਤ ਗੁਰਦੀਪ ਸਿੰਘ ਉਰਫ ਬੂਟਾ ਨਾਲ ਸਾਜਿਸ਼ ਰਚੀ। ਜਿਸ ਨੇ ਅੱਗੇ ਆਪਣੇ ਸਾਥੀਆਂ ਨਾਲ ਰਲ ਕੇ ਵਾਰਦਾਤ ਕੀਤੀ ਅਤੇ ਇਹਨਾਂ ਨੂੰ ਮਾਲਕਾ ਦੀ ਸੂਚਨਾਵਾਂ ਅਤੇ ਘਰ ਦਾ ਸਾਰਾ ਭੇਤ ਨੰਨੂ ਅਤੇ ਉਸ ਦੇ ਪਿਤਾ ਤੇਜਿੰਦਰ ਸਿੰਘ ਪਾਸੇ ਮਿਲਦਾ ਰਿਹਾ। ਇਸ ਗਿਰੋਹ ਵੱਲੋਂ ਚੋਰੀ ਕੀਤੇ ਕੈਸ਼ ਵਿੱਚੋਂ ਦੋਸ਼ੀ ਰਫੀਕ ਖਾਨ ਨੇ ਇਕ ਇੰਡੀਕਾ ਕਾਰ, ਦੋਸ਼ੀ ਕਰਨਵੀਰ ਸਿੰਘ ਨੇ ਇੱਕ ਕੇਟਿਐਮ ਮੋਟਰਸਾਇਕਲ, ਦੋਸ਼ੀ ਗੁਰਦੀਪ ਸਿੰਘ ਨੇ ਇੱਕ ਯਾਮਹਾ ਆਰ 15 ਮੋਟਰਸਾਈਕਲ ਖਰੀਦ ਕੀਤੇ ਸਨ, ਜਿਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਦੋਸ਼ਣ ਨੰਨੂ ਦੇ ਹਿੱਸੇ ਆਏ 03 ਲੱਖ ਰੁਪਏ ਉਸ ਨੇ ਆਪਣੇ HDFC ਬੈਂਕ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ। ਉਕੱਤ ਖਾਤੇ ਵਿੱਚ ਚੋਰੀ ਦੇ ਪੈਸੇ ਹੋਣ ਕਾਰਨ ਖਾਤਾ ਫਰੀਜ਼ ਕਰਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਦੋਸ਼ੀਆਂ ਵੱਲੋਂ ਰੈਕੀ ਕਰਨ ਅਤੇ ਵਾਰਦਾਤ ਵਿੱਚ ਵਰਤੇ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰਵਾਏ ਜਾ ਚੁੱਕੇ ਹਨ।ਦੋਸ਼ੀਆਂ ਦੇ ਸਾਬਕਾ ਕਰੀਮੀਨਲ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।