ਪੰਜਾਬ ਦੇ ਕਿਸਾਨ ਪਾਣੀਆਂ ਪ੍ਰਤੀ ਕਦੋਂ ਜਾਗਣਗੇ
ਪੰਜਾਬ ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ ਅਤੇ ਪੰਜਾਬ ਵਿਚ ਪਾਣੀ ਦਾ ਲੈਵਲ ਇੰਨਾਂ ਉੱਚਾ ਸੀ ਕਿ ਕਿਤੋਂ ਵੀ 20-25 ਟੋਆ ਪੁੱਟ ਕੇ ਪਾਣੀ ਕੱਢਿਆ ਜਾ ਸਕਦਾ ਸੀ। ਪਰ ਪੰਜਾ ਦਰਿਆਵਾਂ ਦੀ ਇਸ ਧਰਤੀ ਨੂੰ ਬਰਬਾਦ ਕਰਨ ਲਈ ਸ਼ੁਰੂ ਤੋਂ ਹੀ ਸਾਜਿਸ਼ਾਂ ਹੁੰਦੀਆਂ ਆਈਆਂ ਹਨ। ਪੰਜਾਬ ਵਿਚ ਸਭ ਤੋਂ ਪਹਿਲਾਂ ਸੋਚੀ ਸਮਝੀ ਸਾਜ਼ਿਸ਼ ਤਹਿਤ ਸਫੇਦਾ ਦੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਸਫੇਦੇ ਦੇ ਦਰਖਤ ਦਾ ਇੰਨਾਂ ਪ੍ਰਚਾਰ ਕੀਤਾ ਗਿਆ ਕਿ ਪੰਜਾਬ ਦੀ ਧਰਤੀ ਨੂੰ ਪੂਰੀ ਤਰ੍ਹਾਂ ਨਾਲ ਸਫੇਦੇ ਦੇ ਦਰਖਤਾਂ ਨਾਲ ਭਰ ਦਿਤਾ ਗਿਆ। ਜਦੋਂ ਹੌਲੀ ਹੌਲੀ ਇਸਦੀ ਅਸਲੀਅਤ ਸਾਹਮਣੇ ਆਈ ਕਿ ਸਫੇਦਾ ਤਾਂ ਪਾਣੀ ਦੀ ਬਰਬਾਦੀ ਦਾ ਵੱਡਾ ਕਾਰਨ ਹੈ ਤਾਂ ਇਸ ਸੰਬੰਧੀ ਜਾਗਰੂਕਤਾ ਸ਼ੁਰੂ ਹੋਈ ਅਤੇ ਸਫੇਦੇ ਦਾ ਦਰਖਤ ਪੰਜਾਬ ਵਿਚ ਲੱਗਣਾ ਬੰਦ ਹੋਇਆ। ਉਸਤੋਂ ਬਾਅਦ ਪੰਜਾਬ ਵਿੱਚ ਝੋਨੇ ਦੀ ਫਸਲ ਦਾ ਚਲਣ ਸ਼ੁਰੂ ਕੀਤਾ ਗਿਆ। ਫਿਰ ਪੰਜਾਬ ਤੋਂ ਝੋਨੇ ਦੀ ਬੰਪਰ ਫਸਲ ਪੈਦਾ ਕਰਨ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ ਗਿਆ। ਪੰਜਾਬ ਪ੍ਰਤੀ ਇਸ ਗਹਿਰੀ ਸਾਜਿਸ਼ ਦੀ ਭਾਈਵਾਲ ਸਾਡੀਆਂ ਸਰਕਾਰਾਂ ਵੀ ਬਣੀਆਂ। ਪੰਜਾਬ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਰਕਾਰ ਬਣੀ ਤਾਂ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਖੇਤਾਂ ਲਈ ਮੁਫਤ ਬਿਜਲੀ ਅਤੇ ਪਾਣੀ ਦੀ ਵੱਡੀ ਸਹੂਲਤ ਦਿੱਤੀ ਗਈ ਅਤੇ ਹੌਲੀ-ਹੌਲੀ ਕਿਸਾਨਾਂ ਨੇ ਨਹਿਰੀ ਪਾਣੀ ਦੀ ਵਰਤੋਂ ਬੰਦ ਕਰ ਦਿੱਤੀ ਮੋਟਰਾਂ ਰਾਹੀਂ ਹੀ ਪਾਣੀ ਖੇਤਾਂ ਵਿੱਚ ਦਿਤਾ ਜਾਣ ਲੱਗਾ। ਕਿਸਾਨਾਂ ਨੇ ਬੇਰਹਿਮੀ ਅਤੇ ਲਾਪਰਵਾਹੀ ਨਾਲ ਖੇਤਾਂ ਵਿੱਚ ਪਾਣੀ ਛੱਡਣਾ ਸ਼ੁਰੂ ਦਿੱਤਾ। ਹੁਣ ਇਸ ਦਾ ਨਤੀਜਾ ਪੰਜਾਬ ਦੇ ਅੱਠ ਜ਼ਿਲਿਆਂ ਵਿਚ ਧਰਤੀ ਹੇਠਲਾ ਪਾਣੀ ਡਾਰਕ ਜ਼ੋਨ ਵਿਚ ਚਲਾ ਗਿਆ। ਇਸ ਗੱਲ ਦੀ ਪਿਛਲੇ ਕਈ ਸਾਲਾਂ ਤੋਂ ਚਰਚਾ ਹੁੰਦੀ ਆ ਰਹੀ ਹੈ ਅਤੇ ਕਿਸਾਨਾਂ ਨੂੰ ਝੋਨੇ ਦਾ ਬਦਲ ਲੱਭਣ ਲਈ ਕਿਹਾ ਜਾ ਰਿਹਾ ਹੈ। ਪਰ ਹੁਣ ਪੰਜਾਬ ਦੇ ਕਈ ਜ਼ਿਲਿ੍ਹਆਂ ਵਿੱਚ ਪਾਣੀ ਮੋਟਰਾਂ ਅਤੇ ਨਲਕਿਆਂ ਨੇ ਕੱਢਣਾ ਬੰਦ ਕਰ ਦਿਤਾ ਹੈ। ਜੋ ਬੇਹੱਦ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਉਪਲਬੱਧ ਅੰਕੜਿਆਂ ਅਨੁਸਾਰ ਜੇਕਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਦਸਾਂ ਸਾਲਾਂ ਦੇ ਅੰਦਰ ਹੀ ਅਸੀਂ ਖਾਤਮੇ ਵੱਲ ਤੁਰ ਪਵਾਂਗੇ। ਪੰਜਾਬ ਵਿੱਚ ਸਾਲਾਨਾ ਕੁੱਲ 21.44 ਬੀਸੀਐਮ (ਬਿਲੀਅਨ ਕਿਊਬਿਕ ਮੀਟਰ) ਭੂਮੀਗਤ ਪਾਣੀ ਦੀ ਉਪਲਬਧਤਾ ਹੁੰਦੀ ਹੈ, ਪਰ 31.16 ਬੀਸੀਐਮ ਭੂਮੀਗਤ ਪਾਣੀ ਕੱਢਿਆ ਜਾ ਰਿਹਾ ਹੈ। ਭੂਮੀਗਤ ਪਾਣੀ ਦੇ ਨਿਕਾਸ ਦੀ ਸਭ ਤੋਂ ਵੱਧ ਦਰ ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਨਵਾਂਸ਼ਹਿਰ, ਪਟਿਆਲਾ ਅਤੇ ਸੰਗਰੂਰ ਵਿੱਚ ਹੈ। ਇਸ ਕਾਰਨ ਪਾਣੀ ਦਾ ਪੱਧਰ 30 ਮੀਟਰ ਤੋਂ ਵੀ ਵਧੇਰੇ ਥੱਲੇ ਚਲਿਆ ਗਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਬਲਾਕ ਦਾ ਪਾਣੀ 50 ਮੀਟਰ ਤੋਂ ਵੀ ਥੱਲੇ ਚਲਿਆ ਗਿਆ ਹੈ । ਭੂਮੀਗਤ ਪਾਣੀ ਦਾ ਪੱਧਰ ਖ਼ਤਰੇ ਦੀ ਹੱਦ ਪਾਰ ਕਰਨ ਵਾਲੇ 138 ਵਿੱਚੋਂ 103 ਬਲਾਕ ਹਨ, ਜਿਹੜੇ 1984 ਵਿੱਚ 64 ਸਨ। ਇਨ੍ਹਾਂ ਵਿੱਚੋਂ 5 ਬਲਾਕ ਰੈੱਡ ਜ਼ੋਨ ਵਿੱਚ ਹਨ ਅਤੇ 4 ਬਲਾਕ ਰੈੱਡ ਜ਼ੋਨ ਵੱਲ ਵਧ ਰਹੇ ਹਨ। ਇਨ੍ਹਾਂ ਵਿੱਚੋਂ ਦੱਖਣੀ ਪੱਛਮੀ ਬਲਾਕਾਂ ਦਾ ਪਾਣੀ ਖਾਰਾ ਹੋਣ ਕਾਰਨ ਨਾ ਪੀਣਯੋਗ ਅਤੇ ਨਾ ਹੀ ਖੇਤੀਯੋਗ ਹੈ। ਸੂਬੇ ਅੰਦਰ ਖਾਰੇਪਣ ਦੀ ਮਾਰ ਹੇਠ ਕਰੀਬ 10 ਲੱਖ ਹੈਕਟੇਅਰ ਖੇਤਰ ਹੈ। ਭੂਮੀਗਤ ਪਾਣੀ ਦੀ ਸਭ ਤੋਂ ਵੱਧ ਤੇਜ਼ੀ ਨਾਲ ਪ੍ਰਤੀ ਸਾਲ ਹੇਠਾਂ ਜਾਣ ਦੀ ਦਰ ਸੰਗਰੂਰ ਜ਼ਿਲ੍ਹੇ ਦੀ (0.65 ਮੀਟਰ) ਹੈ । ਲੁਧਿਆਣਾ ਜ਼ਿਲ੍ਹਾ (0.11 ਮੀਟਰ ਤੋਂ 1.34 ਮੀਟਰ) ਦੂਜੇ ਨੰਬਰ ’ਤੇ ਆਉਂਦਾ ਹੈ ਕਿਉਂਕਿ ਉਦਯੋਗਿਕ ਵਰਤੋਂ ਲਈ ਭੂਮੀਗਤ ਪਾਣੀ ਦੀ ਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ। ਬੋਰਾਂ ਦਾ ਲਗਾਤਾਰ ਡੂੰਘੇ ਹੋ ਰਹੇ ਹਨ। ਮਨੁੱਖੀ ਜੀਵਨ ਦੀਆਂ ਤਿੰਨ ਚੌਥਾਈ ਲੋੜਾਂ ਭੂਮੀਗਤ ਪਾਣੀ ’ਤੇ ਨਿਰਭਰ ਹਨ। ਇਸ ਲਈ ਸੀਮਤ ਭੂਮੀਗਤ ਪਾਣੀ ਬਾਰੇ ਲੋਕ ਸਮੂਹ ਨੂੰ ਚੇਤੰਨ ਹੋਣ ਦੀ ਲੋੜ ਹੈ। ਪੰਜ ਦਰਿਆਵਾਂ ਦੀ ਇਸ ਧਰਤੀ ’ਤੇ ਜੇਕਰ ਪੀਣ ਵਾਲਾ ਪਾਣੀ ਵੀ ਨਸੀਬ ਨਾ ਹੋਵੇ ਤਾਂ ਇਸ ਨਾਲੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ। ਪਿਛਲੇ ਲੰਬੇ ਸਮੇਂ ਤੋਂ ਸਰਕਾਰ ਅਤੇ ਭੂਮੀ ਮਾਹਿਰ ਇਹ ਕਹਿ ਰਹੇ ਹਨ ਕਿ ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਫ਼ਸਲ ਦਾ ਚੱਕਰ ਬਦਲਿਆ ਜਾਵੇ। ਪਰ ਕਿਸਾਨਾਂ ਨੂੰ ਝੋਨੇ ਦੀ ਬਜਾਏ ਕਿਸੇ ਹੋਰ ਫ਼ਸਲ ਵੱਲ ਧਿਆਨ ਦੇਣਾ ਹੀ ਨਹੀਂ ਚਾਹੁੰਦੇ। ਝੋਨੇ ਦੀ ਚੰਗੀ ਕੀਮਤ ਦੇ ਕਾਰਨ ਕਿਸਾਨ ਇਸ ਫਸਲ ਨੂੰ ਛੱਡਣ ਲਈ ਤਿਆਰ ਨਹੀਂ ਹਨ। ਭਾਵੇਂ ਕਿ ਹਰ ਕੋਈ ਦੇਖ ਸਕਦਾ ਹੈ ਕਿ ਉਸ ਦੀ ਜ਼ਮੀਨ ਹੇਠਾਂ ਪਾਣੀ ਕਿੰਨਾ ਹੇਠਾਂ ਜਾ ਰਿਹਾ ਹੈ ਇਸ ਤੋਂ ਬਾਅਦ ਆਉਣ ਵਾਲੇ ਸਮੇਂ ’ਚ ਪੂਰਾ ਪੰਜਾਬ ਪਾਣੀ ਨੂੰ ਤਰਸਦਾ ਨਜ਼ਰ ਆਵੇਗਾ। ਕਿਸਾਨ ਇਹ ਕਿਉਂ ਨਹੀਂ ਸਮਝ ਰਹੇ ਕਿ ਜੇਕਰ ਜ਼ਮੀਨ ਹੇਠਾਂ ਪਾਣੀ ਹੋਵੇਗਾ ਤਾਂ ਹੀ ਉਹ ਝੋਨੇ ਦੀ ਖੇਤੀ ਕਰ ਸਕਣਗੇ। ਇਸ ਫਸਲੀ ਚੱਕਰ ਲਈ ਕਿਹੜੀ ਜਥੇਬੰਦੀ ਅੱਗੇ ਆ ਕੇ ਲੜੇਗੀ। ਇਸੇ ਗੱਲ ਤੋਂ ਜਾਗਰੂਕ ਜਗਰਾਓਂ ਨੇੜੇ ਦੇ ਪਿੰਡ ਮੱਲ੍ਹਾ ਦੇ ਇਕ ਕਿਸਾਨ ਨੇ ਸ਼ਲਾਘਾਯੋਗ ਉਪਰਾਲਾ ਕਰਦੇ ਹੋਏ ਆਪਣੀ ਜ਼ਮੀਨ ਵਿਚ ਝੋਨੇ ਦੀ ਬਿਜਾਈ ਕਰਨ ਤੇ ਪਾਬੰਦੀ ਲਗਾ ਦਿਤੀ ਹੈ। ਉਸਨੇ ਆਪਣੀ ਚਾਰ ਏਕੜ ਜਮੀਨ ਜਿਸ ਕਿਸਾਨ ਨੂੰ ਠੇਕੇ ’ਤੇ ਦਿੱਤੀ ਹੈ, ਉਸ ਦਾ 6 ਮਹੀਨੇ ਦਾ ਮਾਮਲਾ ਵੀ ਮੁਆਫ਼ ਕਰ ਦਿੱਤਾ ਹੈ। ਪੰਜਾਬ ਦੇ ਕਿਸਾਨ ਪਾਣੀਆਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਕਿਵੇਂ ਸਮਝ ਸਕਣਗੇ ਅਤੇ ਕਿਉਂ ਅੰਨ੍ਹੇਵਾਹ ਆਪਣੀ ਅਤੇ ਆਪਣੇ ਬੱਚਿਆਂ ਦੀ ਬਰਬਾਦੀ ਦਾ ਕਾਰਨ ਬਣ ਰਹੇ ਹਨ, ਇਹ ਸਮਝ ਤੋਂ ਬਾਹਰ ਹੈ ? ਹੁਣ ਸਮੁੱਚਾ ਪੰਜਾਬ ਹਰ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਖੜ੍ਹਾ ਹੈ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਾਣੀ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਝੋਨੇ ਦੀ ਥਾਂ ਕਿਸੇ ਹੋਰ ਫਸਲ ਦਾ ਪ੍ਰਬੰਧ ਕਰਨ ਤਾਂ ਜੋ ਪੰਜਾਬ ਦਾ ਪਾਣੀ ਸੁਰੱਖਿਅਤ ਰਹੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਲਈ ਤਰਸਦੀਆਂ ਨਜ਼ਰ ਨਾ ਆਉਣ। ਇੱਥੇ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਪੰਜਾਬ ਝੋਨੇ ਦਾ ਬੰਪਰ ਉਤਪਾਦਨ ਹੁੰਦਾ ਹੈ ਅਤੇ ਪੰਜਾਬ ਦੇ ਕੁਝ ਹੀ ਲੋਕਾਂ ਨੂੰ ਇਸ ਤੋਂ ਕੁਝ ਆਰਥਿਕ ਲਾਭ ਮਿਲਦਾ ਹੈ। ਪੰਜਾਬ ਵਿੱਚ ਚੌਲ ਖਾਣ ਵਾਲੇ ਲੋਕ ਸਿਰਫ ਪੰਜ ਫੀਸਦੀ ਹਨ, ਬਾਕੀ 95% ਲੋਕ ਮਹੀਨੇ ਵਿੱਚ ਇੱਕ ਵਾਰ ਚੌਲ ਖਾਂਦੇ ਹਨ। ਬਾਕੀ ਬੰਪਰ ਫਸਲ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਜਾਂਦੀ ਹੈ। ਵੱਡੀ ਗੱਲ ਤਾਂ ਇਹ ਹੈ ਕਿ ਝੋਨੇ ਦੀ ਬੰਪਰ ਫਸਲ ਪੈਦਾ ਕਰਨ ਵਾਲੇ ਪੰਜਾਬ ਵਿੱਚ ਵੀ ਚੌਲ ਬਾਹਰੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਮਹਿੰਗੇ ਭਾਅ ਵਸੂਲੇ ਜਾਂਦੇ ਹਨ। ਦੇਸ਼ ਦੇ ਬਾਕੀ ਸੂਬਿਆਂ ਲਈ ਝੋਨਾ ਬੀਜ ਕੇ ਅਸੀਂ ਆਪਣਾ ਪਾਣੀ ਹੀ ਖਤਮ ਕਰ ਦਿਤਾ ਹੈ। ਸਰਕਾਰਾਂ ਕਿਸਾਨ ਨੂੰ ਅੰਨਦਾਤਾ ਕਹਿ ਕੇ ਵਡਿਆਉਂਦੀਆਂ ਹਨ। ਜ਼ਮੀਨਾ ਅਤੇ ਪਾਣੀ ਤਾਂ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਹੈ ਫਿਰ ਝੋਨਾ ਪੰਜਾਬ ਦੀ ਹੀ ਪੈਦਾਵਾਰ ਕਿਉਂ ਬਣਿਆ ਹੈ ? ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਇਕ ਪਾਸੜ ਝੇੋਨੇ ਨੂੰ ਬੀਜਣ ਵਾਲੀ ਜ਼ਿੱਦ ਦਾ ਤਿਆਗ ਕਰਨ ਅਤੇ ਕਿਸੇ ਹੋਰ ਫ਼ਸਲ ਵੱਲ ਮੁੜਨ। ਪੰਜਾਬ ਦਾ ਪਾਣੀ ਬਚਾਓ, ਆਪਣੇ ਬੱਚਿਆਂ ਲਈ ਸੁਰੱਖਿਅਤ ਕਰੋ। ਨਹੀਂ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ। ਪੰਜਾਬ ਸਿਰਫ ਪਾਣੀ ਦੇ ਸਿਰ ਤੇ ਹੀ ਹੈ। ਜੇਕਰ ਸਾਡਾ ਪਾਣੀ ਹੀ ਖਤਮ ਹੋ ਗਿਆ ਤਾਂ ਅਸੀਂ ਕਿਸੇ ਪਾਸੇ ਦੇ ਨਹੀਂ ਰਹਾਂਗੇ ਅਤੇ ਕੋਈ ਸਾਨੂੰ ਪੁੱਛੇਗਾ ਵੀ ਨਹੀਂ।
ਹਰਵਿੰਦਰ ਸਿੰਘ ਸੱਗੂ।
98723-27899