ਮੋਗਾ, 30 ਅਪ੍ਰੈਲ: ( ਕੁਲਵਿੰਦਰ ਸਿੰਘ) –
ਪੰਜਾਬ ਐਂਡ ਸਿੰਧ ਬੈਂਕ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ), ਦੁੱਨੇਕੇ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਉੱਦਮੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਮੌਕੇ ਪ੍ਰੋਗਰਾਮ ਦੇ ਆਯੋਜਿਕ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਨੇ ਆਰਸੇਟੀ ਦੀ ਸਮੁੱਚੀ ਟੀਮ ਨੂੰ ਜੀ ਆਇਆਂ ਕਿਹਾ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਘੱਟ ਕਰਨ ਲਈ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਪ੍ਰੇਰਿਆ।
ਆਰਸੇਟੀ ਦੇ ਡਾਇਰੈਕਟਰ ਗੌਰਵ ਕੁਮਾਰ ਨੇ ਸੰਸਥਾ ਵਿਖੇ ਚੱਲ ਰਹੇ ਮੁਫ਼ਤ ਕੋਰਸਾਂ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਨੇ ਕਿਹਾ ਕਿ ਘਰਾਂ ਵਿੱਚ ਬੈਠੇ ਬੇਰੋਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਪੰਜਾਬ ਐਂਡ ਸਿੰਧ ਬੈਂਕ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ), ਦੁੱਨੇਕੇ ਤੋਂ ਮੁਫ਼ਤ ਸਿਖਲਾਈ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਹੋਰਾਂ ਨੂੰ ਵੀ ਰੁਜ਼ਗਾਰ ਦੇਣ।
ਪੰਚ ਭੁਪਿੰਦਰ ਸਿੰਘ ਗਰੇਵਾਲ ਨੇ ਇਹ ਪ੍ਰੋਗਰਾਮ ਆਯੋਜਿਤ ਕਰਨ ਲਈ ਪਿੰਡ ਦੀ ਸਰਪੰਚ ਸੋਨੀਆ ਗਾਬਾ ਅਤੇ ਸਮੁੱਚੀ ਪੰਚਾਇਤ ਵੱਲੋਂ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਪਿੰਡ ਦੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਆਰਸੇਟੀ ਦੀ ਸਿਖਲਾਈ ਲੈ ਕੇ ਆਪਣੇ ਪੈਰਾਂ ਤੇ ਖੜ੍ਹਨ ਲਈ ਪ੍ਰੇਰਿਆ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਕੋਆਰਡੀਨੇਟਰ ਬੇਅੰਤ ਕੌਰ, ਭੁਪਿੰਦਰ ਸਿੰਘ ਗਰੇਵਾਲ ਪੰਚ, ਗੁਰਸੇਵਕ ਸਿੰਘ ਵਿੱਕੀ ਪੰਚ,ਦਰਸ਼ਨ ਸਿੰਘ ਪੰਚ,ਰਣਜੀਤ ਸਿੰਘ ਪੰਚ, ਗੁਰਪ੍ਰੀਤ ਸਿੰਘ,ਪ੍ਰੀਤਮ ਸਿੰਘ ਸਾਬਕਾ ਸਰਪੰਚ,ਦਰਸ਼ਨ ਕੁਮਾਰ ਤੱਲੂ, ਰਮੇਸ਼ ਕੁਮਾਰ ਪੰਚ,ਹਰਜਿੰਦਰ ਕੌਰ ਆਂਗਨਵਾੜੀ ਵਰਕਰ, ਸੁਖਦੇਵ ਸਿੰਘ, ਸੁਭਾਸ਼ ਕੁਮਾਰ ਤੋਂ ਇਲਾਵਾ ਪਿੰਡ ਦੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।