ਲੁਧਿਆਣਾ ( ਬਿਊਰੋ) -ਟ੍ਰੈਫਿਕ ਪੁਲਸ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦਾ ਚਲਾਨ ਕੱਟਿਆ।ਜਿਸ ‘ਤੇ ਗੁੱਸੇ ‘ਚ ਆਏ ਸਮਰਥਕਾਂ ਨੇ ਪੁਲਸ ‘ਤੇ ਦੁਰਵਿਵਹਾਰ ਦਾ ਦੋਸ਼ ਲਾਉਂਦੇ ਹੋਏ ਹੰਗਾਮਾ ਕੀਤਾ।ਮਾਮਲਾ ਇੰਨਾ ਗਰਮ ਹੋ ਗਿਆ ਕਿ ਏਸੀਪੀ ਟ੍ਰੈਫਿਕ ਗੁਰਤੇਜ ਸਿੰਘ ਨੂੰ ਉਥੇ ਪਹੁੰਚ ਕੇ ਮੌਕਾ ਸੰਭਾਲਣਾ ਪਿਆ।ਲੰਬੀ ਜੱਦੋ-ਜਹਿਦ ਤੋਂ ਬਾਅਦ ਦੋਵੇਂ ਧਿਰਾਂ ਸ਼ਾਂਤ ਹੋਈਆਂ।ਘਟਨਾ ਸੋਮਵਾਰ ਸਵੇਰੇ ਕਰੀਬ 11.45 ਵਜੇ ਵਾਪਰੀ।ਪੁਲਿਸ ਨੇ ਜ਼ੋਨ ਇੰਚਾਰਜ ਐਸਆਈ ਨਰਿੰਦਰ ਸਿੰਘ ਦੀ ਅਗਵਾਈ ਹੇਠ ਨੌਲੱਖਾ ਸਿਨੇਮਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਜੋ ਕਿ ਆਉਣ ਜਾਣ ਵਾਲਿਆਂ ਦੀ ਚੈਕਿੰਗ ਕਰ ਰਿਹਾ ਸੀ।ਇਸ ਦੇ ਨਾਲ ਹੀ ਬਿਨਾਂ ਹੈਲਮੇਟ ਤੋਂ ਐਕਟਿਵਾ ਸਕੂਟਰ ‘ਤੇ ਉਥੋਂ ਆ ਰਹੇ ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੂੰ ਪੁਲਿਸ ਨੇ ਰੋਕ ਲਿਆ। ਉਥੇ ਮੌਜੂਦ ਏਐਸਆਈ ਨੇ ਉਸ ਦਾ ਚਲਾਨ ਕੱਟ ਕੇ ਉਸ ਨੂੰ ਸੌਂਪ ਦਿੱਤਾ।ਇਸ ਤੋਂ ਬਾਅਦ ਪੁਸ਼ਪਿੰਦਰ ਸਿੰਘਲ ਤੇ ਪੁਲਿਸ ਟੀਮ ਵਿਚਕਾਰ ਬਹਿਸ ਹੋ ਗਈ।ਜਲਦ ਹੀ ਭਾਜਪਾ ਵਰਕਰਾਂ ਦਾ ਇਕੱਠ ਹੋ ਗਿਆ। ਉਨ੍ਹਾਂ ਪੁਲਿਸ ’ਤੇ ਮਾੜੇ ਵਿਵਹਾਰ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਏਸੀਪੀ ਟਰੈਫਿਕ ਗੁਰਤੇਜ ਸਿੰਘ ਨੇ ਦੱਸਿਆ ਕਿ ਬਾਅਦ ਵਿੱਚ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ ਸੀ।
