ਮੋਹਾਲੀ, 9 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) –
ਮੋਹਾਲੀ ਪੁਲਿਸ ਵੱਲੋਂ ਸ਼ਹਿਰ ਦੀਆਂ ਕਈ ਸੁਸਾਇਟੀਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।ਮੋਹਾਲੀ ਦੀ ਕਲਾਈਮੇਟ ਟਾਵਰ ਸੁਸਾਇਟੀ ਵਿੱਚ ਅੱਜ ਪੁਲਿਸ ਟੀਮ ਨੇ ਛਾਪੇਮਾਰੀ ਦੌਰਾਨ 7 ਤੋਂ 8 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਹਿਰਾਸਤ ਵਿੱਚ ਲਏ ਗਏ ਸ਼ੱਕੀਆਂ ਵਿੱਚੋਂ ਇਕ ਦੀ ਪਛਾਣ ਹੋਈ ਹੈ, ਜਿਸ ਦੀਆਂ ਤਾਰਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੀਆਂ ਹੋਈਆਂ ਹਨ। ਹਾਲਾਂਕਿ ਪੁਲਿਸ ਇਸ ਬਾਰੇ ਕੁੱਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ।ਜਾਣਕਾਰੀ ਮੁਤਾਬਿਕ ਮੁਹਾਲੀ ਜ਼ਿਲ੍ਹੇ ਦੇ ਖਰੜ ਜਲਵਾਯੂ ਟਾਵਰ ਵਿੱਚ ਜ਼ਿਲ੍ਹਾ ਅਪਰੇਸ਼ਨ ਸੈੱਲ ਅਤੇ ਐਸਐਸਪੀ ਮੁਹਾਲੀ ਨੇ ਵੱਡੀ ਕਾਰਵਾਈ ਕੀਤੀ।7 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜਿਸ ਵਿੱਚ ਇੱਕ ਲੋੜੀਂਦਾ ਦੱਸਿਆ ਜਾ ਰਿਹਾ ਹੈ। ਇਹ ਅਪਰੇਸ਼ਨ ਸਵੇਰੇ 7 ਵਜੇ ਦੇ ਕਰੀਬ ਕੀਤਾ ਗਿਆ।ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਬਦਮਾਸ਼ਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਦੂਜੇ ਸੂਬਿਆਂ ਵਿੱਚ ਵੀ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧ ਵਿੱਚ ਮੁਹਾਲੀ ਪੁਲਿਸ ਨੇ ਸ਼ਹਿਰ ਦੀਆਂ ਕਈ ਸੁਸਾਇਟੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਅੱਜ ਸਵੇਰੇ ਹੀ ਮੁਹਾਲੀ ਪੁਲਿਸ ਦੀ 20 ਤੋਂ 25 ਜਵਾਨਾਂ ਦੀ ਟੀਮ ਛਾਪਾ ਮਾਰਨ ਲਈ ਖਰੜ ਦੇ ਜਲਵਾਯੂ ਟਾਵਰ ’ਤੇ ਪੁੱਜੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਪੁਲਿਸ ਟੀਮ ਹੋਮਲੈਂਡ ਸੁਸਾਇਟੀ ‘ਚ ਛਾਪੇਮਾਰੀ ਕਰਨ ਪਹੁੰਚੀ ਹੈ।
