ਜਗਰਾਉਂ 2 ਜਨਵਰੀ ( ਵਿਕਾਸ ਮਠਾੜੂ )- ਨੇੜਲੇ ਪਿੰਡ ਅਖਾੜਾ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ। ਸਿੱਖ ਵਿਰਸੇ ਦੀ ਝਾਤ ਪਾਉਂਦੀਆਂ ਵਿਰਾਸਤੀ ਤਸਵੀਰਾਂ ਖਿੱਚ ਦਾ ਕੇਂਦਰ ਸਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਇਸ ਨਗਰ ਕੀਰਤਨ ਵਿੱਚ ਭਾਈ ਬਲਜਿੰਦਰ ਸਿੰਘ ਬੱਲ ਦੇ ਰਾਗੀ ਜੱਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।ਇਸ ਮੌਕੇ ਪੰਥਕ ਢਾਡੀ ਮੇਜਰ ਸਿੰਘ ਖਾਸ ਲੋਹੀਆਂ ਵਾਲੇ ਦੇ ਢਾਡੀ ਜੱਥੇ ਨੇ ਵੀਰ ਰਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਦੇਰ ਸ਼ਾਮ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸਮਾਪਿਤ ਹੋਇਆ। ਗੁਰੂ ਘਰ ਦੇ ਸੇਵਾਦਾਰ ਬਾਬਾ ਜਰਨੈਲ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਫ਼ਰ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ।
