ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਾ ਕਰਨ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਸਰਕਾਰ ਨੂੰ ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਦੇਣ ਲਈ ਇਕ ਵਿਸ਼ਏਸ਼ ਨੰਬਰ ਅਤੇ ਪੋਰਟਲ ਵੀ ਜਾਰੀ ਕੀਤਾ ਹੋਇਆ ਹੈ । ਜਿਸ ਵਿਚ ਪੋਰਟਲ ’ਤੇ ਜਾ ਕੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇਣ ’ਤੇ ਤੁਰੰਤ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਪਰ ਅਸਲੀਅਤ ਵਿਚ ਉਹ ਦਾਅਵੇ ਸਿਰਫ ਕਾਗਜੀ ਹੀ ਸਾਬਤ ਹੋ ਰਹੇ ਹਨ ਕਿਉਂਕਿ ਸਰਕਾਰ ਦੇ ਇਸ ਪੋਰਟਲ ’ਤੇ ਸ਼ਿਕਾਇਤ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ 6 ਮਹੀਨੇ ਬਾਅਦ ਵੀ ਪੋਰਟਲ ਤੇ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਨਹੀਂ ਹੋ ਰਹੀ। ਉਸਦੇ ਬਾਵਜੂਦ ਵੀ ਪੰਜਾਬ ਦਾ ਵਿਜੀਲੈਂਸ ਵਿਭਾਗ ਵਲੋਂ ਰੋਜ਼ਾਨਾ ਕੋਈ ਨਾ ਕੋਈ ਅਧਿਕਾਰੀ/ਕਰਮਚਾਰੀ ਰਿਸ਼ਵਤ ਲੈਂਦਿਆਂ ਫੜਿਆ ਜਾ ਰਿਹਾ ਹੈ। ਪੰਜਾਬ ਵਿਚ ਦੋ ਵੱਡੇ ਵਿਭਾਗਾਂ ਦੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਵਿਚ ਆਉਣ ਵਿਚ ਸਫਲ ਹੋ ਸਕੀ ਹੈ। ਇਹ ਵਿਭਾਗ ਹਨ ਮਾਇਨਿੰਗ ਅਤੇ ਐਕਸਾਇਜ , ਇਨ੍ਹਾਂ ਦੋਵਾਂ ਵਿਭਾਗਾਂ ਵਿਚ ਸਰਕਾਰ ਨੂੰ ਕਾਫੀ ਆਮਦਨ ਹੁੰਦੀ ਹੈ ਅਤੇ ਇਨ੍ਹਾਂ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਸ਼੍ਰੁਰੂ ਤੋ ਰੱਜ ਕੇ ਹੁੰਦਾ ਆਇਆ ਹੈ। ਦੋਵੇਂ ਵਿਭਾਗਾਂ ਦੇ ਸਰਕਾਰੀ ਕਰਮਚਾਰੀ ਅਤੇ ਸਿਆਸੀ ਲੋਕਾਂ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਵੀ ਹੈ। ਜਿਸ ਵਿੱਚੋਂ ਇੱਕ ਵਿਭਾਗ ਸ਼ਰਾਬ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਵਾਂ ਵਿਭਾਗਾਂ ਵਿੱਚ ਪੂਰੀ ਪਾਰਦਰਸ਼ਤਾ ਲਿਆਉਣ ਦਾ ਵਾਅਦਾ ਅਤੇ ਦਾਅਵਾ ਕੀਤਾ ਸੀ। ਪੰਜਾਬ ਵਿਚ ਆਬਕਾਰੀ ਵਿਭਾਗ ( ਸ਼ਰਾਬ ) ਜਿਸ ਵਿੱਚ ਸਰਕਾਰ ਦੇ ਸਾਰੇ ਦਾਅਵਿਆਂ ਦੇ ਉਲਟ ਪਹਿਲਾਂ ਨਾਲੋਂ ਵੀ ਇੰਨੇ ਵੱਡੇ ਪੱਧਰ ’ਤੇ ਘੁਟਾਲਾ ਹੋ ਰਿਹਾ ਹੈ ਕਿ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਆਮ ਤੌਰ ’ਤੇ ਸ਼ਰਾਬ ਦੇ ਠੇਕਿਆਂ ਤੋਂ ਘਰੇਲੂ ਵਰਤੋਂ ਲਈ ਅਤੇ ਮੈਰਿਜ ਪੈਲੇਸਾਂ ਵਿਚ ਦੇਸੀ ਵਿਆਹ ਸ਼ਾਦੀ ਜਾਂ ਕਿਸੇ ਹੋਰ ਖੁਸ਼ੀ ਦੇ ਸਮਾਗਮ ਵਿਚ ਵਰਤੋਂ ਲਈ ਸ਼ਰਾਬ ਲੈਣ ਦੀ ਕੀਮਤ ਇਕੋ ਜਿੰਨੀ ਹੁੰਦੀ ਹੈ। ਪਰ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਅਤੇ ਜ਼ਿਲਿ੍ਹਆਂ ਵਿੱਚ ਸ਼ਰਾਬ ਦੇ ਠੇਕੇਦਾਰ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਦੀ ਮਿਲੀਭੁਗਤ ਨਾਲ ਜੋ ਸ਼ਰਾਬ ਮੈਰਿਜ ਪੈਲੇਸ ਲਈ ਦੇ ਰਹੇ ਹਨ ਉਸ ਸ਼ਰਾਬ ਦੀ ਕੀਮਤ ’ਚ ਇਕ ਪੇਟੀ ਸ਼ਰਾਬ ਮਗਰ ਤਿੰਨ ਹਜਾਰ ਰੁਪਏ ਵਧੇਰੇ ਵਸੂਲ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਫਿਰੋਜ਼ਪੁਰ ਜਿਲੇ ਦੇ ਇਕ ਖੇਤਰ ਵਿਚ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਇਸ ਵੱਡੇ ਘਪਲੇ ਦਾ ਮਾਮਲਾ ਸਾਹਮਣੇ ਆਇਆ।.ਠੇਕੇਦਾਰ ਪਾਸੋਂ ਸ਼ਾਦੀ ਲਈ ਮੈੱਰਜ ਪੈਲੇਸ ਵਿਚ ਸ਼ਰਾਬ ਦੀ ਕੀਮਤ ਪੁੱਛੀ ਗਈ ਤਾਂ ਉਸਨੇ ਰੌਂਗਟੇ ਹੀ ਖੜੇ ਕਰ ਦਿਤੇ। ਠੇਕੇੇਦਾਰ ਵਲੋਂ ਅੰਗਰੇਜ਼ੀ ਸ਼ਰਾਬ ਦੀ 1 ਪੇਟੀ ਦੀ ਕੀਮਤ ਘਰੇਲੂ ਵਰਤੋਂ ਲਈ ਠੇਕੇ ਤੋਂ ਦਿਤੀ ਜਾਣ ਵਾਲੀ ਕੀਮਤ ਤੋਂ 3000 ਰੁਪਏ ਵੱਧ ਮੰਗੇ ਗਏ। ਜਦੋਂ ਉਨ੍ਹਾਂ ਨੂੰ ਕਾਰਨ ਪੁੱਛਿਆ ਗਿਆ ਤਾਂ ਉਸਨੇ ਹੈਰਾਨੀਜਨਕ ਜਵਾਬ ਦਿੱਤਾ ਕਿ ਸਾਨੂੰ ਮੈਰਿਜ ਪੈਲੇਸ ਵਿਚ ਸ਼ਰਾਬ ਦੇਣ ਲਈ ਵੱਖਰੀ ਐਕਸਾਇਜ਼ ਡਿਊਟੀ ਦੇਣੀ ਪੈਂਦੀ ਹੈ। ਜੇਕਰ ਉਹ ਨਾ ਦੇਈਏ ਤਾਂ ਸਰਕਾਰ ਦੋ ਲੱਖ ਰੁਪਏ ਜੁਰਮਾਨਾ ਲਗਾ ਦਿੰਦੀ ਹੈ। ਜਦੋਂ ਉਨ੍ਹਾਂ ਨੂੰ ਪੰਜਾਬ ਵਿੱਚ ਸਰਕਾਰ ਵਲੋਂ ਜਾਰੀ ਸ਼ਰਾਬ ਨੀਤੀ ਵਿਚ ਵਿਚ ਅਜਿਹੀ ਕੋਈ ਗੱਲ ਨਾ ਹੋੇਣ ਬਾਰੇ ਦੱਸਿਆ ਅਤੇ ਪੰਜਾਬ ਦੇ ਹੋਰ ਖੇਤਰਾਂ ਦਾ ਹਵਾਲਾ ਦਿਤਾ ਗਿਆ ਕਿ ਕਿਧਰੇ ਵੀ ਅਜਿਹੀ ਕੋਈ ਸਥਿਤੀ ਨਹੀਂ ਹੈ। ਇਸ ਗੱਲ ਦਾ ਉਹ ਕੋਈ ਜਵਾਬ ਨਹੀਂ ਦੇ ਸਕਿਆ ਅਤੇ ਥੋੜੀ ਰਿਆਇਤ ਦੇਣ ਦੀ ਗੱਲ ਕਹਿਣ ਲੱਗਾ। ਇਸ ਨਾਲੋਂ ਵੀ ਹੈਰਾਨੀਜਨਕ ਗੱਲ ਹੋਰ ਸਾਹਮਣੇ ਆਈ ਜਦੋਂ ਉਸ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਿੱਧੇ ਤੌਰ ’ਤੇ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਸਾਡੀ ਤਾਂ ਬਿਲਕੁਲ ਨਹੀਂ ਸੁਣਦੇ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਸ਼ਰਾਬ ਦੇ ਪੈਸੇ ਸਰਕਾਰ ਦੀ ਨੀਤੀ ਅਨੁਸਾਰ ਲਏ ਜਾਣ, ਪਰ ਇਹ ਲੋਕ ਸਾਡੀ ਗੱਲ ਨਹੀਂ ਸੁਣਦੇ। ਹੁਣ ਜੇਕਰ ਕਿਸੇ ਵਿਭਾਗ ਅਧੀਨ ਆਉਂਦੇ ਠੇਕੇਦਾਰਾਂ ਨੇ ਮੌਜੂਦਾ ਸੱਤਾਧਾਰੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਦੀ ਗੱਲ ਨਹੀਂ ਸੁਣੀ ਤਾਂ ਫਿਰ ਸਰਕਾਰ ਇਹ ਦਾਅਵੇ ਕਰਨੇ ਛੱਡ ਦੇਵਨੇ ਕਿ ਭ੍ਰਿਸ਼ਟਾਚਾਰ ਨਹੀਂ ਹੋਣ ਦਿਤਾ ਜਾ ਰਿਹਾ ਕਿਉਂਕਿ ਕਿਸੇ ਵੀ ਇਲਾਤੇ ਦੇ ਠੇਕੇਦਾਰ ਤੇ ਜਦੋਂ ਤੱਕ ਅਫਸਰਸ਼ਾਹੀ ਅਤੇ ਰਾਜਨੀਤਿਕ ਆਗੂ ਦੀ ਛਤਰਛਾਇਆ ਨਾ ਹੋਵੇ ਤਾਂ ਇਸ ਤਰ੍ਹਾਂ ਨਿਡਰਤਾ ਨਾਲ ਭ੍ਰਿਸ਼ਟਾਚਾਰ ਕਰਕੇ ਲੁੱਟ ਨਹੀਂ ਕਰ ਸਕਦਾ। ਜੇਕਰ ਸ਼ਰਾਬ ਦੇ ਠੇਤੇਦਾਰ ਇਕ ਸੱਤਾਧਾਰੀ ਪਾਰਟੀ ਦੇ ਵਿਧਾਇਕ ਦੀ ਨਹੀਂ ਸੁਣਦੇ ਤਾਂ ਆਮ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ। ਉਥੋਂ ਦੇ ਵਿਧਾਇਕ ਨੇ ਇਹ ਵੀ ਕਿਹਾ ਕਿ ਉਸਨੂੰ ਤਾਂ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਬਾਰੇ ਜਾਣਕਾਰੀ ਹੀ ਨਹੀਂ ਹੈ। ਇਸ ਲਈ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਆਬਕਾਰੀ ਵਿਭਾਗ ਦੇ ਮੰਤਰੀ ਜਿਸ ਖੇਤਰ ਵਿੱਚ ਸ਼ਰਾਬ ਦੇ ਠੇਕੇਦਾਰ ਸ਼ਰਾਬ ਦੀ ਇਕ ਪੇਟੀ ਮਗਰ ਹੀ ਤਿੰਨ ਹਜਾਰ ਰੁਪਏ ਦੀ ਨਜਾਇਜ ਵਸੂਲੀ ਕਰ ਰਹੇ ਹਨ ਪੰਜਾਬ ਦੇ ਸੀ.ਐਮ.ਭਗਵੰਤ ਮਾਨ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਦਾਅਵਿਆਂ ਤੇ ਬਿਆਨਬਾਜੀ ਨਾ ਕਰਨ। ਸਿਰਫ ਪੰਜ ਦਸ ਹਜਾਰ ਰੁਪਏ ਰਿਸ਼ਵਤ ਲੈਣ ਵਾਲੇ ਕਰਮਚਾਰੀਆਂ ਨੂੰ ਫੜ ਕੇ ਮੁਕਦਮੇ ਦਰਜ ਕਰਨ ਦੀ ਬਜਾਏ ਅਜਿਹੇ ਵੱਡੇ ਭ੍ਰਿਸ਼ਟਾਚਾਰ ਵੱਲ ਧਿਆਨ ਦਿਓ। ਜੇਕਰ ਮੁੱਖ ਮੰਤਰੀ ਸੱਚਮੁੱਚ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਹਨ ਤਾਂ ਇਸ ਵੱਡੇ ਮਾਮਲੇ ਵੱਲ ਵੀ ਧਿਆਨ ਦਿੰਦੇ ਹੋਏ ਨਜਾਇਜ ਵਸੂਲੀ ਕਰਨ ਵਾਲੇ ਅਜਿਹੇ ਠੇਕੇਦਾਰ, ਵਿਭਾਗ ਦੇ ਸੰਬੰਧਤ ਅਫਸਰਾਂ ਅਤੇ ਇਲਾਕੇ ਦੇ ਵਿਧਾਇਕ ਦੇ ਗਠਜੋੜ ਦਾ ਖੁਲਾਸਾ ਕਰਕੇ ਤੁਰੰਤ ਕਾਰਵਾਈ ਕਰਨ ਤਾਂ ਜੋ ਸ਼ਰਾਬ ਨੀਤੀ ਨੂੰ ਪਾਰਦਰਸ਼ੀ ਬਣਾਉਣ ਦੇ ਆਪਣੇ ਕੀਤੇ ਵਾਅਦੇ ਮੁਤਾਬਕ ਨੂੰ ਪੂਰਾ ਕਰਨ ਵੱਲ ਕਦਮ ਵਧਾਇਆ ਜਾ ਸਕੇ।
ਹਰਵਿੰਦਰ ਸਿੰਘ ਸੱਗੂ ।