ਮਾਲੇਰਕੋਟਲਾ 9 ਜਨਵਰੀ ( ਬੌਬੀ ਸਹਿਜਲ, ਧਰਮਿੰਦਰ)-ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਗਲੀ ਵਿਕ੍ਰੇਤਾਵਾਂ ਨੂੰ ਉਨ੍ਹਾਂ ਦੇ ਸਰਵਪੱਖੀ ਵਿਕਾਸ ਅਤੇ ਸਮਾਜਿਕ-ਆਰਥਿਕ ਉੱਨਤੀ ਲਈ ਸਮਾਜਿਕ ਸੁਰੱਖਿਆ ਦਾ ਲਾਭ ਪ੍ਰਦਾਨ ਕਰਨ ਲਈ ਪਹਿਲਾ ਸਰੂ ਕੀਤੀ ਗਈ ਸੀ । ਹੁਣ ਇਸੇ ਸਕੀਮ ਤਹਿਤ “ ਸਵਨਿਧੀ ਸੇ ਸਮ੍ਰਿਧੀ ਯੋਜਨਾ ” ਦਾ ਵਿਸਥਾਰ ਕੀਤਾ ਜਾ ਰਿਹਾ ਹੈ । ਇਸ ਗੱਲ ਦੀ ਜਾਣਕਾਰੀ ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਮਨਿੰਦਰ ਪਾਲ ਸਿੰਘ ਨੇ ਸੜਕ ਵਿਕ੍ਰੇਤਾਵਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਲਾਗੂ ਹੋਣ ਦੇ ਇੱਕ ਸਾਲ ,ਸਾਲ 2020-21 ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈਆਂ ਚੁਨੌਤੀਆਂ ਦੇ ਬਾਵਜੂਦ, ਇਹ ਪ੍ਰੋਗਰਾਮ ਗਲੀ ਵਿਕ੍ਰੇਤਾਵਾਂ ਦੇ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਨ ਵਿੱਚ ਸਫਲ ਰਿਹਾ ਹੈ ਸੀ.ਐਮ.ਐਮ. ਯਸ਼ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਕਰੋਨਾ ਕਾਲ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਗਲੀ ਵਿਕਰੇਤਾ, ਛੋਟੇ ਫੜੀ ਦੁਕਾਨਦਾਰਾਂ ਆਦਿ ਨੂੰ ਮੁੜ ਆਪਣੇ ਪੈਰਾ ਤੇ ਖੜ੍ਹਾ ਕਰਨ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ 663 ਲੋੜਵੰਦ ਲਾਭਪਾਤਰੀਆਂ ਦੇ 10 ਹਜ਼ਾਰ ਰੁਪਏ ਦੇ ਲੋਨ ਵੱਖ ਵੱਖ ਜ਼ਿਲ੍ਹੇ ਦੇ ਬੈਂਕਾਂ ਰਾਹੀਂ ਪ੍ਰਵਾਨ ਕੀਤੇ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਹੁਣ ਤੱਕ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ 628 ਗਲੀ ਵਿਕਰੇਤਾ ਆਦਿ ਨੂੰ 91 ਲੱਖ 40 ਹਜ਼ਾਰ ਰੁਪਏ ਕਾਰਜਸ਼ੀਲ ਪੂੰਜੀ ਵਜੋਂ ਬਤੌਰ ਕਰਜ਼ਾ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਤਾਂ ਜੋ ਉਹ ਮੁੜ ਆਪਣੇ ਪੈਰਾ ਤੇ ਖੜ੍ਹੇ ਹੋ ਸਕਣ । ਉਨ੍ਹਾਂ ਹੋਰ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਗਲੀ ਦੇ ਵਿਕ੍ਰੇਤਾਵਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰਨ ਦੇ ਯੋਗ ਬਣਾਉਣਾ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਕਰਨਾ ਹੈ ।ਨੋਡਲ ਅਫ਼ਸਰ ਸ਼ਹਿਨਾਜ਼ ਅਖ਼ਤਰ ਨੇ ਗਲੀ ਦੇ ਵਿਕ੍ਰੇਤਾਵਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾਂ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੁਣ ਸਰਕਾਰ ਵੱਲੋਂ ਸਵਨਿਧੀ ਸੇ ਸਮ੍ਰਿਧੀ ਪ੍ਰੋਗਰਾਮ ਸੜਕ ਵਿਕ੍ਰੇਤਾਵਾਂ ਲਈ ਸ਼ੁਰੂ ਕੀਤਾ ਗਿਆ ਹੈ । ਇਸ ਪ੍ਰੋਗਰਾਮ ਤਹਿਤ ਗਲੀ ਵਿਕ੍ਰੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਇੱਕ ਕੇਂਦਰੀ ਡਾਟਾਬੇਸ ਤਿਆਰ ਕੀਤਾ ਜਾਵੇਗਾ । ਇਸ ਉਪਰੰਤ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਦਾ ਜਿਵੇਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ,ਪ੍ਰਧਾਨ ਮੰਤਰੀ ਜਨਧਨ ਯੋਜਨਾ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਸ੍ਰਮ ਯੋਗੀ ਮਾਨਧਨ ਯੋਜਨਾ, ਜਨਣੀ ਸੁਰੱਖਿਆ ਯੋਜਨਾਂ,
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਆਦਿ ਯੋਜਨਾਵਾਂ ਦਾ ਲਾਭ ਬਿਨਾਂ ਖੱਜਲ ਖ਼ੁਆਰੀ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ ।ਸੀ.ਐਮ.ਐਮ ਅਵਿਨਾਸ਼ ਸਿੰਗਲਾ ਨੇ ਇਸ ਸਕੀਮ ਨਾਲ ਸਬੰਧਿਤ ਨੋਡਲ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਟਰੀਟ ਵਿਕ੍ਰੇਤਾਵਾਂ ਦੇ ਸਰਵਪੱਖੀ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨ ਕਰਨ ਅਤੇ ਇੱਕ ਵਾਰ ਫਿਰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਥਕ ਉਪਰਾਲੇ ਕਰਨ । ਉਨ੍ਹਾਂ ਸਟਰੀਟ ਵਿਕ੍ਰੇਤਾਵਾਂ ਨੂੰ ਕਿਹਾ ਕਿ ਉਹ ਆਪਣੇ ਸਾਥੀਆਂ ਨੂੰ ਵੀ ਇਸ ਸਕੀਮ ਬਾਰੇ ਦੱਸਣ ਅਤੇ ਜ਼ਰੂਰਤਮੰਦ ਗਲੀ ਵਿਕ੍ਰੇਤਾਵਾਂ ਨੂੰ ਸਥਾਨਕ ਪ੍ਰਸ਼ਾਸਨ ਤੋਂ ਪੰਜੀਕ੍ਰਿਤ ਕਰਵਾਉਣ ਉਪਰੰਤ ਕਰਜ਼ਾ ਲੈਣ ਬੈਂਕ ਦੀ ਸ਼ਾਖਾ ਨਾਲ ਸੰਪਰਕ ਕਰਨ ।
