ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਵੋਟਰ ਦਿਵਸ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਮਨਾਇਆ
ਮਾਲੇਰਕੋਟਲਾ 25 ਜਨਵਰੀ ( ਬੌਬੀ ਸਹਿਜਲ, ਧਰਮਿੰਦਰ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 13ਵਾਂ ਰਾਸ਼ਟਰੀ ਵੋਟਰ ਦਿਵਸ ”ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ਼ ਸ਼ੋਅਰ” ਦੇ ਸਲੋਗਨ ਹੇਠ ਜ਼ਿਲ੍ਹਾ ਪੱਧਰ ਤੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਸੰਯਮ ਅਗਰਵਾਲ ਨੇ ਸ਼ਿਰਕਤ ਕੀਤੀ । ਇਸ ਮੌਕੇ ਵੋਟ ਪਾਉਣ ਪ੍ਰਤੀ ਵੋਟਰਾਂ ਨੂੰ ਪ੍ਰਣ ਵੀ ਦਿਵਾਇਆ ਕਿ “ ਅਸੀਂ ਭਾਰਤ ਦੇ ਨਾਗਰਿਕ, ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਦੀ ਮਰਿਆਦਾ ਨੂੰ ਕਾਇਮ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ,ਵਰਗ,ਜਾਤੀ,ਭਾਈਚਾਰੇ,ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਸਾਰੀਆਂ ਚੋਣਾ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ” । ਇਸ ਮੌਕੇ ਭਾਰਤ ਚੋਣ ਕਮਿਸ਼ਨ ਵੱਲੋਂ ਨੌਜਵਾਨ ਵੋਟਰਾਂ ਨੂੰ ਸੰਦੇਸ਼ ਦਿੱਤਾ ਅਤੇ ”ਮੈਂ ਭਾਰਤ ਹੂੰ” ਗੀਤ ਵੀ ਲੋਕ ਅਰਪਣ ਕੀਤਾ ਗਿਆ । ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਕਾਲਜ ਪੁੱਜਣ ਤੇ ਐਨ.ਸੀ.ਸੀ. ਦੇ ਕੈਡਿਟ ਸਾਰਜੈਟ ਸਾਬਰ ਵੱਲੋਂ ਗਾਰਡ ਆਫ਼ ਆਨਰ ਦਿੱਤਾ ।ਇਸ ਮੌਕੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਸੰਯਮ ਅਗਰਵਾਲ ਨੇ ਨੈਸ਼ਨਲ ਵੋਟਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਆਖਿਆ ਕਿ ਜੋ ਨੌਜਵਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਉਹ ਬਹੁਤ ਜ਼ਿੰਮੇਵਾਰ ਨਾਗਰਿਕ ਬਣ ਚੁੱਕੇ ਹਨ।ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ । ਲੋਕਤੰਤਰ ਦੀ ਮਜ਼ਬੂਤੀ ਲਈ ਸਾਨੂੰ ਸਾਰਿਆਂ ਨੂੰ ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਦਿਆ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਬਿਨਾਂ ਕਿਸੇ ਡਰ ,ਭੈਅ,ਵੋਟ ਪਾਉਣੀ ਚਾਹੀਦੀ ਹੈ ਤੇ ਯੋਗ ਨਾਗਰਿਕ ਨੂੰ ਵੋਟ ਪਾ ਕੇ ਆਪਣੀ ਪਸੰਦ ਦਾ ਯੋਗ ਉਮੀਦਵਾਰ ਚੁਣਨ ਦਾ ਅਧਿਕਾਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਵੇਂ ਬਣੇ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਉੱਥੇ ਆਪਣੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੂੰ ਵੀ ਵੋਟਾਂ ਪਾਉਣ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।ਇਸ ਮੌਕੇ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਵੱਖ ਵੱਖ ਥਾਵਾਂ ਉੱਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਵੇਂ ਬਣੇ 3789 ਵੋਟਰਾਂ ਨੂੰ ਐਪੀਕ ਕਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਤਲਾਸ਼ ਕਰਨ ਨੂੰ ਤਰਜੀਹ ਦੇਣ ਕਿਉਂਕਿ ਦੇਸ਼ ਵਿੱਚ ਨੌਜਵਾਨਾਂ ਦਾ ਭਵਿੱਖ ਬਹੁਤ ਹੀ ਉੱਜਵਲ ਹੈ ।ਇਸ ਮੌਕੇ ਚੋਣ ਕਮਿਸ਼ਨ ਦੀ ਹਦਾਇਤਾਂ ਤੇ ਇਸ ਮੌਕੇ ਰਿਟਰਨਿੰਗ ਅਫ਼ਸਰ-105 ਮਾਲੇਰਕੋਟਲਾ ਕਮ ਐਸ.ਡੀ.ਐਮ. ਕਰਨਦੀਪ ਸਿੰਘ ਸਰਸਰੀ ਸੁਧਾਈ 01 ਜਨਵਰੀ 2023 ਦੌਰਾਨ 1998 ਵੋਟਾਂ ਬਣਾਉਣ ਲਈ ਪ੍ਰਸੰਸਾ ਪੱਤਰ , ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਕਮ ਪ੍ਰੋਫੈਸਰ ਸਰਕਾਰੀ ਕਾਲਜ ਮਾਲੇਰਕੋਟਲਾ ਸ੍ਰੀਮਤੀ ਅਰਵਿੰਦ ਸੋਹੀ ਨੂੰ ਪ੍ਰਸੰਸਾ ਪੱਤਰ ਅਤੇ ਅਤੇ ਬੀ.ਐਲ.ਓ ਸਰਾਜਦੀਨ ਨੂੰ ਸਰਸਰੀ ਸੁਧਾਈ ਦੌਰਾਨ 32 ਨਵੀਂਆਂ ਵੋਟਾਂ ਬਣਾਉਣ ਸਦਕਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਕੁਆਰਡੀਨੇਟਰ ਪੀ.ਡਬਲਯੂ.ਡੀ. ਵੋਟਰ ਮਹਿਮੂਦ ਅਹਿਮਦ ਥਿੰਦ, ਕੁਆਰਡੀਨੇਟਰ ਪੀ.ਡਬਲਯੂ.ਡੀ. ਵੋਟਰ ਮੁਹੰਮਦ ਸਾਦਿਕ, ਇਲਾਵਾ ਕੈਂਪਸ ਅੰਬੈਸਡਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਮਲੇਰਕੋਟਲਾ ਦੀ ਵਿਦਿਆਰਥਣ ਮਿਸ ਸੰਦੀਪ ਕੌਰ ਅਤੇ ਬੱਲਪ੍ਰੀਤ ਕੌਰ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਐਸ.ਡੀ.ਐਮ. ਕਰਨਦੀਪ ਸਿੰਘ ਨੇ ਨੌਜਵਾਨਾਂ ਨੂੰ ਆਪਣੀ ਵੋਟ ਦੇ ਫ਼ਰਜ਼ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਵੋਟਰ ਹਰੇਕ ਯੋਗ ਨਾਗਰਿਕ ਨੂੰ ਆਪਣੀ ਵੋਟ ਜ਼ਰੂਰ ਬਣਵਾਉਣੀ ਚਾਹੀਦੀ ਹੈ ਅਤੇ ਜਦੋਂ ਚੋਣਾਂ ਹੋਣ ਮਤਦਾਨ ਜ਼ਰੂਰ ਕਰਨਾ ਚਾਹੀਦਾ ਹੈ ।ਪ੍ਰਿੰਸੀਪਲ ਸਰਕਾਰੀ ਕਾਲਜ ਮਾਲੇਰਕੋਟਲਾ ਬਰਜਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਸਾਰੇ ਭਾਰਤ ਵਰਗੇ ਆਜ਼ਾਦ ਦੇਸ਼ ਵਿੱਚ ਰਹਿ ਕੇ ਮਾਣ ਮਹਿਸੂਸ ਕਰਦੇ ਹਾਂ, ਪਰ ਸਾਨੂੰ ਸਾਰਿਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਭਾਰਤ ਨੂੰ ਬਹੁਤ ਸੰਘਰਸ਼ ਤੋਂ ਬਾਅਦ ਆਜ਼ਾਦੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵੋਟ ਦੇ ਮੌਲਿਕ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦਾ ਇਸਤੇਮਾਲ ਕਰਕੇ ਆਪਣੇ ਫ਼ਰਜ਼ ਨੂੰ ਨਿਭਾਉਣਾ ਚਾਹੀਦਾ ਹੈ।ਇਸ ਮੌਕੇ ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ ਬਲਜਿੰਦਰ ਸਿੰਘ ਵੜੈਚ, ਵਾਇਸ ਪ੍ਰਿੰਸੀਪਲ ਇਰਫਾਨ ਫ਼ਾਰੂਕ, ਪ੍ਰੋਫੈਸਰ ਪ੍ਰਿਤਪਾਲ, ਪ੍ਰੋਫੈਸਰ ਗੌਰਵ ,ਪ੍ਰੋਫੈਸਰ ਰੰਜਨਾ ਬਜਾਜ, ਡਾ. ਪਰਮਜੀਤ ,ਪ੍ਰੋਫੈਸਰ ਵਾਲੀ ਮੁਹੰਮਦ, ਪ੍ਰੋਫੈਸਰ ਅਨਵਰ, ਡਾ.ਰੇਣੂ ਸ਼ਰਮਾ,ਪ੍ਰੋਫੈਸਰ ਰਣਜੀਤ ਸਿੰਘ, ਪ੍ਰੋਫੈਸਰ ਬਲਜਿੰਦਰ , ਮਨਪ੍ਰੀਤ ਸਿੰਘ, ਸੰਜੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਮੌਜੂਦ ਸਨ ।
