ਨਵੀਂ ਦਿੱਲੀ(ਬਿਊਰੋ)ਭਾਰਤ ਨੇ ਸੋਮਵਾਰ ਨੂੰ ਸਵਦੇਸ਼ੀ ਹੈਲੀਕਾਪਟਰ ਤੋਂ ਐਂਟੀ ਟੈਂਕ ਗਾਈਡਡ ਮਿਜ਼ਾਈਲ ‘ਹੇਲੀਨਾ’ ਦਾ ਸਫਲ ਪ੍ਰੀਖਣ ਕੀਤਾ। ਜੈਸਲਮੇਰ ਦੇ ਪੋਕਰਨ ਫਾਇਰਿੰਗ ਰੇਂਜ ‘ਤੇ ਕੀਤੇ ਗਏ ਪ੍ਰੀਖਣ ‘ਚ ‘ਹੇਲੀਨਾ’ ਨੇ ਸਿਮੂਲੇਟਡ ਟੈਂਕ ਨੂੰ ਤਬਾਹ ਕਰ ਦਿੱਤਾ।ਇਸ ਮਿਜ਼ਾਈਲ ਦੀ ਰੇਂਜ 7 ਕਿਲੋਮੀਟਰ ਤੱਕ ਹੈ,ਜੋ ਆਪਣੇ ਨਾਲ 8 ਕਿਲੋਗ੍ਰਾਮ ਵਿਸਫੋਟਕ ਲਿਜਾਣ ਦੇ ਸਮਰੱਥ ਹੈ ਅਤੇ ਸ਼ਾਨਦਾਰ ਸਟਰਾਈਕ ਮਿਜ਼ਾਈਲ ਬਣਾਉਂਦੀ ਹੈ। ਹੈਲੀਕਾਪਟਰ ਤੋਂ ਲਾਂਚ ਕੀਤੀ ਜਾਣ ਵਾਲੀ ਐਂਟੀ-ਟੈਂਕ ਗਾਈਡਡ ਮਿਜ਼ਾਈਲ (ATGM) ‘ਹੇਲੀਨਾ’ ਨੂੰ ਭਾਰਤੀ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੂੰ ਮਿਲਣ ਦੀ ਉਮੀਦ ਹੈ।ਸਵਦੇਸ਼ੀ ਐਡਵਾਂਸ ਲਾਈਟ ਹੈਲੀਕਾਪਟਰ ਤੋਂ ਲਾਂਚ ਕੀਤੀ ਗਈ ਹੈਲੀਨਾ ਦਾ ਉੱਚਾਈ ਵਾਲੇ ਖੇਤਰਾਂ ਵਿੱਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਸ ਦੌਰਾਨ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ (ਡੀ.ਆਰ.ਡੀ.ਓ.) ਦੇ ਵਿਗਿਆਨੀਆਂ ਦੇ ਨਾਲ ਭਾਰਤੀ ਫੌਜ ਅਤੇ ਭਾਰਤੀ ਹਵਾਈ ਫੌਜ ਦੀ ਸਾਂਝੀ ਟੀਮ ਮੌਜੂਦ ਸੀ। ਮਿਜ਼ਾਈਲ ਨੂੰ ਇੱਕ ਇਨਫਰਾਰੈੱਡ ਇਮੇਜਿੰਗ ਸੀਕਰ ਦੁਆਰਾ ਗਾਈਡ ਕੀਤਾ ਜਾਂਦਾ ਹੈ, ਜੋ ਲਾਂਚ ਤੋਂ ਪਹਿਲਾਂ ਲਾਕ ਆਨ ਮੋਡ ਵਿੱਚ ਕੰਮ ਕਰਦਾ ਹੈ। ਹੇਲੀਨਾ ਦੁਨੀਆ ਦੀ ਸਭ ਤੋਂ ਉੱਨਤ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਵਿੱਚੋਂ ਇੱਕ ਹੈ। ‘ਹੇਲੀਨਾ’ ਮਿਜ਼ਾਈਲ ਦਾ ਵਜ਼ਨ ਲਗਭਗ 45 ਕਿਲੋਗ੍ਰਾਮ, ਲੰਬਾਈ 6 ਫੁੱਟ ਅਤੇ ਵਿਆਸ 7.9 ਇੰਚ ਹੈ।ਹੈਲੀਕਾਪਟਰ ਤੋਂ ਲਾਂਚ ਕੀਤੀ ਜਾਣ ਵਾਲੀ ਨਾਗ ਮਿਜ਼ਾਈਲ ਨੂੰ ਰੇਂਜ ਵਧਾ ਕੇ ‘ਧਰੁਵਸਤਰ ਹੈਲੀਨਾ’ ਦਾ ਨਾਂ ਦਿੱਤਾ ਗਿਆ ਹੈ।ਇਸ ਨੂੰ HAL ਦੇ ਰੁਦਰ ਅਤੇ ਲਾਈਟ ਕੰਬੈਟ ਹੈਲੀਕਾਪਟਰਾਂ ‘ਤੇ ਟਵਿਨ-ਟਿਊਬ ਸਟਬ ਵਿੰਗ-ਮਾਊਂਟ ਕੀਤੇ ਲਾਂਚਰਾਂ ਤੋਂ ਲਾਂਚ ਕੀਤਾ ਗਿਆ ਹੈ। ਇਸ ਮਿਜ਼ਾਈਲ ਦੀ ਸਭ ਤੋਂ ਵੱਡੀ ਖਾਸੀਅਤ ਲਾਂਚਿੰਗ ਤੋਂ ਬਾਅਦ ਨਿਸ਼ਾਨਾ ਬਦਲਣ ਦੀ ਸਮਰੱਥਾ ਹੈ।ਸੋਮਵਾਰ ਨੂੰ ਪ੍ਰੀਖਣ ਦੌਰਾਨ ‘ਹੇਲੀਨਾ’ ਮਿਜ਼ਾਈਲ ਦੇ ਲਾਂਚ ਕੀਤੇ ਜਾਣ ਤੋਂ ਬਾਅਦ ਨਿਸ਼ਾਨਾ ਬਦਲਿਆ ਗਿਆ ਅਤੇ ਇਸ ਨੇ ਉਸ ਨਿਸ਼ਾਨੇ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ। ਇਸ ਤਰ੍ਹਾਂ ਮਿਜ਼ਾਈਲ ਨੇ ਉਡਾਣ ਦੌਰਾਨ ਅਚਾਨਕ ਬਦਲੇ ਹੋਏ ਟੀਚੇ ਨੂੰ ਮਾਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।