ਬਰਸਾਤ ਦੇ ਪਾਣੀ ਨਾਲ ਗੰਦਗੀ ਦੇ ਵੱਡੇ ਢੇਰ ਰੁੜ ਕੇ ਸਾਰੀ ਮੰਡੀ ਵਿਚ ਫੈਲੇ
ਜਗਰਾਓਂ, 4 ਜੁਲਾਈ ( ਮੋਹਿਤ ਜੈਨ )- ਪਹਿਲੀ ਬਰਸਾਤ ਵਿੱਚ ਹੀ ਨਗਰ ਕੌਂਸਲ ਦੀ ਲਾਪਰਵਾਹੀ ਪੁਰਾਣੀ ਦਾਣਾ ਮੰਡੀ ਦੇ ਦੁਕਾਨਦਾਰਾਂ ਲਈ ਭਾਰੀ ਮੁਸੀਬਤ ਦਾ ਕਾਰਨ ਬਣ ਗਈ। ਨਗਰ ਕੌਂਸਲ ਵੱਲੋਂ ਮੰਡੀ ਵਿੱਚ ਲਾਇਆ ਗੰਦਗੀ ਦਾ ਢੇਰ ਬੁੱਧਵਾਰ ਰਾਤ ਨੂੰ ਹੋਈ ਪਹਿਲੀ ਭਾਰੀ ਬਰਸਾਤ ਵਿੱਚ ਰੁੜ੍ਹ ਗਿਆ ਅਤੇ ਸਾਰੀ ਮੰਡੀ ਵਿੱਚ ਖਿੱਲਰ ਗਿਆ ਅਤੇ ਹੁੰਮਸ ਕਾਰਨ ਬਦਬੂ ਵਾਲਾ ਮਾਹੌਲ ਬਣ ਗਿਆ। ਜਿਥੇ ਕੁਝ ਸਮਾਂ ਵੀ ਠਹਿਰਨਾ ਮੁਸ਼ਕਲ ਹੋ ਗਿਆ। ਇਸ ਸਬੰਧੀ ਹਾਲ ਹੀ ਵਿੱਚ ਮੰਡੀ ਵਾਸੀਆਂ ਨੇ ਨਗਰ ਕੌਂਸਲ ਨੂੰ ਮੰਡੀ ਵਿੱਚ ਲੱਗੇ ਇਸ ਵੱਡੇ ਕੂੜੇ ਦੇ ਢੇਰ ਨੂੰ ਹਟਾ ਕੇ ਇਸ ਦੀ ਸਫ਼ਾਈ ਕਰਵਾਉਣ ਦੀ ਅਪੀਲ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਜੇਕਰ ਭਾਰੀ ਮੀਂਹ ਪੈ ਜਾਂਦਾ ਹੈ ਤਾਂ ਕੂੜੇ ਦਾ ਇਹ ਢੇਰ ਪਾਣੀ ਨਾਲ ਰੁੜ੍ਹ ਜਾਵੇਗਾ ਅਤੇ ਲੋਕ ਇਸ ਨਾਲ ਗੰਭੀਰ ਪਰੇਸ਼ਾਨੀ ਹੋ ਸਕਦੀ ਹੈ ਅਤੇ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਵੀ ਹੋ ਸਕਦਾ ਹੈ। ਇਸ ਸਬੰਧੀ ‘‘ ਡੇਲੀ ਜਗਰਾਓਂ ਨਿਊਜ਼ ’’ ਨੇ ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਤ ਕਰਕੇ ਪ੍ਰਸਾਸ਼ਨ ਦੇ ਕੰਨਾਂ ਤੱਕ ਗੱਲ ਵੀ ਪਹੁੰਚਾਈ ਸੀ। ਉਸ ਸਮੇਂ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇਸ ਡੰਪ ਨੂੰ ਮੰਡੀ ਵਿੱਚੋਂ ਹਟਾ ਦਿੱਤਾ ਜਾਵੇਗਾ ਅਤੇ ਮੰਡੀ ਵਿੱਚ ਪਈਆਂ ਸੀਵਰੇਜ ਦੀਆਂ ਪਾਈਪ ਲਾਈਨਾਂ ਦੀ ਵੀ ਸਫ਼ਾਈ ਕਰਵਾਈ ਜਾਵੇਗੀ। ਪਰ ਈਓ ਦੇ ਸਾਰੇ ਦਾਅਵੇ ਸਿਰਫ ਬਿਆਨਬਾਜ਼ੀ ਹੀ ਸਾਬਿਤ ਹੋਏ। ਨਾ ਤਾਂ ਮੰਡੀ ਵਿੱਚ ਲਗਾਏ ਕੂੜੇ ਦੇ ਡੰਪ ਨੂੰ ਹਟਾਇਆ ਗਿਆ ਅਤੇ ਨਾ ਹੀ ਸੀਵਰੇਜ ਦੀਆਂ ਪਾਈਪਾਂ ਦੀ ਸਫ਼ਾਈ ਕਰਵਾਈ ਗਈ। ਹੁਣ ਬਰਸਾਤੀ ਪਾਣੀ ਵਿੱਚ ਰਲਿਆ ਗੰਦਗੀ ਦਾ ਢੇਰ ਸੀਵਰੇਜ ਵਿੱਚ ਚਲਾ ਗਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੀ ਮੁਸੀਬਤ ਖੜ੍ਹੀ ਹੋਵੇਗੀ।
ਪਿਛਲੇ 20 ਸਾਲਾਂ ਤੋਂ ਹਰ ਸਾਲ ਡੁੱਬਦੀ ਹੈ ਮੰਡੀ-
ਪਿਛਲੇ 20 ਸਾਲਾਂ ਤੋਂ ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਵਿੱਚ ਡੁੱਬ ਜਾਂਦੀ ਹੈ। ਜਿਸ ਕਾਰਨ ਵਪਾਰੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਪੁਰਾਣੀ ਦਾਣਾ ਮੰਡੀ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਭਾਗ ਸਿੰਘ ਮੱਲਾ ਵੱਲੋਂ ਉਪਰਾਲੇ ਕੀਤੇ ਗਏ, ਫਿਰ ਅਕਾਲੀ ਵਿਧਾਇਕ ਐਸ.ਆਰ.ਕਲੇਰ ਵੱਲੋਂ ਉਪਰਾਲੇ ਕੀਤੇ ਗਏ, ਉਸ ਤੋਂ ਬਾਅਦ ਪਿਛਲੇ 7 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵਲੋਂ ਪੁਰਾਣੀ ਦਾਣਾ ਮੰਡੀ ਵਿੱਚ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਕੰਮ ਲਈ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਮੌਕਾ ਵੀ ਦਿਖਾਇਆ ਪਰ ਹਕੀਕਤ ਵਿੱਚ ਕੋਈ ਅਮਲ ਨਹੀਂ ਹੋ ਸਕਿਆ। ਜਿਸ ਕਾਰਨ ਪੁਰਾਣੀ ਦਾਣਾ ਮੰਡੀ ਬਰਸਾਤ ਦੌਰਾਨ ਡੁੱਬਣ ਤੋਂ ਇਸ ਵਾਰ ਵੀ ਬਚਦੀ ਨਜ਼ਰ ਨਹੀਂ ਆ ਰਹੀ। ਇਸ ਵਾਰ ਮੰਡੀ ਨੂੰ ਬਰਸਾਤੀ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬਣ ਲਈ ਨਗਰ ਕੌਂਸਲ ਵੱਲੋਂ ਖੁਦ ਤਿਆਰੀਆਂ ਕੀਤੀਆਂ ਗਈਆਂ ਸਨ। ਮੰਡੀ ਵਿੱਚ ਕੂੜੇ ਦਾ ਵੱਡਾ ਡੰਪ ਬਣਾਇਆ ਹੋਇਆ ਸੀ। ਜੋ ਕਿ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਪਹਿਲੀ ਬਰਸਾਤ ਵਿੱਚ ਹੀ ਪਾਣੀ ਵਿੱਚ ਰਲਿਆ ਇਹ ਕੂੜੇ ਦਾ ਢੇਰ ਸੀਵਰੇਜ ਵਿੱਚ ਚਲਾ ਗਿਆ। ਸੀਵਰੇਜ ਜਾਮ ਹੋਣ ਕਾਰਨ ਜੇਕਰ ਬਾਰਸ਼ ਮੁੜ ਵਧ ਗਈ ਤਾਂ ਮੰਡੀ ਪਹਿਲਾਂ ਨਾਲੋਂ ਵੀ ਜ਼ਿਆਦਾ ਡੁੱਬ ਜਾਵੇਗੀ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।