ਵਿਧਾਇਕਾ ਮਾਣੂੰਕੇ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਜਗਰਾਓਂ, 4 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ) – ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਐਸ.ਡੀ.ਐਮ.ਗੁਰਬੀਰ ਸਿੰਘ ਕੋਹਲੀ ਦੇ ਨਾਲ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿੱਚ ਦੇਰੀ ਨਾਲ ਪਹੁੰਚਣ ਵਾਲੇ ਲਾ-ਪ੍ਰਵਾਹ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਗਈ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਵਿਕਾਸ ਕਾਰਜਾਂ ਵਿੱਚ ਦੇਰੀ ਕਰਨ ਵਾਲੇ ਅਤੇ ਡਿਊਟੀ ਉਪਰ ਦੇਰੀ ਨਾਲ ਆਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਉਹਨਾ ਪੀ.ਡਬਲਿਯੂ.ਡੀ. ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਿਆਂ ਕਿ ਰਾਏਕੋਟ ਰੋਡ ਉਪਰ ਨਵੇਂ ਬਣੇ ‘ਲਾਲਾ ਲਾਜਪਤ ਰਾਏ ਭਵਨ’ ਦੇ ਨਿਰਮਾਣ ਦਾ ਕੰਮ ਮੁਕੰਮਲ ਕਰਕੇ ਨਗਰ ਕੌਂਸਲ ਨੂੰ ਸੌਂਪਿਆ ਜਾਵੇ ਅਤੇ ਲੋਕਾਂ ਦੀ ਸਹੂਲਤ ਲਈ ਖੋਲਿਆ ਜਾਵੇ। ਉਹਨਾਂ ਪੁੱਛਿਆ ਕਿ ਅਖਾੜਾ ਨਹਿਰ ਉਪਰ ਨਿਰਮਾਣ ਅਧੀਨ ਨਹਿਰ ਦਾ ਪੁੱਲ ਕਦੋਂ ਤਿਆਰ ਹੋ ਜਾਵੇਗਾ, ਤਾਂ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਇਸੇ ਸਾਲ ਨਵੰਬਰ ਮਹੀਨੇ ਵਿੱਚ ਇਸ ਪੁੱਲ ਬਣਕੇ ਤਿਆਰ ਹੋ ਜਾਵੇਗਾ ਤੇ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਬੀਬੀ ਮਾਣੂੰਕੇ ਨੇ ਸਿਵਲ ਹਸਪਤਾਲ ਅਤੇ ਜੱਚਾ-ਬੱਚਾ ਹਸਪਤਾਲ ਵਿੱਚ ਮਰੀਜ਼ਾਂ ਪ੍ਰਤੀ ਲਾ-ਪ੍ਰਵਾਹੀ ਕਰਨ ਵਾਲੇ ਡਾਕਟਰਾਂ ਨੂੰ ਸਖਤ ਤਾੜਨਾਂ ਕਰਦੇ ਹੋਏ ਕਿਹਾ ਕਿ ਅਣ-ਗਹਿਲੀ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਿਊਟੀ ਦੌਰਾਨ ਡਾਕਟਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਬੀਬੀ ਮਾਣੂੰਕੇ ਨੇ ਕਚਹਿਰੀਆਂ ਵਿੱਚ ਅਸ਼ਟਾਮਾਂ ਅਤੇ ਐਨ.ਓ.ਸੀ. ਦੇ ਨਾਮ ਉਪਰ ਲੋਕਾਂ ਦੀ ਲੁੱਟ ਕਰਨ ਵਾਲਿਆਂ ਵਿਰੁੱਧ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਹਨਾਂ ਨਗਰ ਕੌਂਸਲ ਜਗਰਾਉਂ ਦੇ ਦਫਤਰ ਵਿੱਚ ਲੋਕਾਂ ਦੀ ਸਹੂਲਤ ਲਈ ਚੱਲ ਰਹੇ ਬਿਜਲੀ ਵਿਭਾਗ ਦੇ ਨੋਡਲ ਕੰਪਲੇਂਟ ਸੈਂਟਰ ਦੀ ਖਸ਼ਤਾ ਹਾਲਤ ਬਿਲਡਿੰਗ ਦਾ ਮਾਮਲਾ ਵੀ ਚੁੱਕਿਆ, ਤਾਂ ਨਗਰ ਕੌਂਸਲ ਦੇ ਈ.ਓ.ਸੁਖਦੇਵ ਸਿੰਘ ਰੰਧਾਵਾ ਨੇ ਇਸ ਮਾਮਲਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲਕੇ ਹੱਲ ਕਰਨ ਦਾ ਭਰੋਸਾ ਦਿਵਾਇਆ। ਉਹਨਾਂ ਨਗਰ ਕੌਂਸਲ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਜਗਰਾਉਂ ਦੇ ਡਿਸਪੋਜ਼ਲ ਰੋਡ ਉਪਰ ਪਏ ਗੰਦਗੀ ਦੇ ਢੇਹ ਹਟਾਏ ਜਾਣ ਅਤੇ ਨਵੀਂ ਮਸ਼ੀਨ ਨਾਲ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਨਵੀਂ ਜੈਟਿੰਗ ਮਸ਼ੀਨ ਨਾਲ ਸੀਵਰੇਜ ਦੀਆਂ ਪਾਈਪਾਂ ਸਾਫ਼ ਕੀਤੀਆਂ ਜਾਣ। ਇਸ ਤੋਂ ਬਿਨਾਂ ਸਾਰੇ ਸਰਕਾਰੀ ਦਫਤਰਾਂ ਦੀਆਂ ਛੱਤਾਂ ਦੀ ਸਫਾ਼ਈ ਕਰਵਾਈ ਜਾਵੇ ਅਤੇ ਕੀੜੇਮਾਰ ਦਵਾਈਆਂ ਦਾ ਛਿੜਕਾ ਕਰਵਾਇਆ ਜਾਵੇ। ਜਗਰਾਉਂ ਸ਼ਹਿਰ ਦੀ ਪ੍ਰਮੁੱਖ ਸਮੱਸਿਆ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦੇ ਹੱਲ ਲਈ ਬੀਬੀ ਮਾਣੂੰਕੇ ਨੇ ਅਧਿਕਾਰੀਆਂ ਨੂੰ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ, ਤਾਂ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ 10 ਕਰੋੜ 64 ਲੱਖ ਰੁਪਏ ਦਾ ਪ੍ਰੋਜੈਕਟਰ ਮੰਨਜੂਰ ਹੋਕੇ ਵਿੱਤ ਵਿਭਾਗ ਕੋਲ ਗਿਆ ਹੋਇਆ ਹੈ ਅਤੇ ਫੰਡ ਜਾਰੀ ਹੋਣ ਉਪਰੰਤ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮਾਣੂੰਕੇ ਨੇ ਚਿੱਟੇ ਦੇ ਖਾਤਮੇ ਲਈ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਅਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨਗਰ ਕੌਂਸਲ ਅਧਿਕਾਰੀਆਂ ਨਾਲ ਮਿਲਕੇ ਨੂੰ ਹੱਲ ਕਰਨ ਲਈ ਕਿਹਾ। ਉਹਨਾਂ ਰੋਡਵੇਜ਼ ਡਿਪੂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਲਕੇ ਦੇ 16 ਪਿੰਡਾਂ ਅੰਦਰ ਬੱਸ ਸਰਵਿਸ ਨਹੀਂ ਹੈ। ਇਸ ਲਈ ਰਿਪੋਰਟ ਤਿਆਰ ਕੀਤੀ ਜਾਵੇ ਤੇ ਉੱਚ ਅਧਿਕਾਰੀਆਂ ਤੋਂ ਮੰਨਜੂਰੀ ਲੈਕੇ ਬੱਸਾਂ ਚਾਲੂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਬੱਸ ਅੱਡੇ ਤੋਂ ਬਾਹਰ ਖੜਦੀਆਂ ਬੱਸਾਂ ਨੂੰ ਬੱਸ ਅੱਡੇ ਦੇ ਅੰਦਰ ਲਿਜਾਣਾ ਯਕੀਨੀ ਬਣਾਇਆ ਜਾਵੇ ਅਤੇ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਬੀਬੀ ਮਾਣੂੰਕੇ ਵੱਲੋਂ ਹਲਕੇ ਅੰਦਰ ਹੋਰ ਮੁਹੱਲਾ ਕਲੀਨਿਕ ਤੇ ਸੁਵਿਧਾ ਸੈਂਟਰ ਖੋਲਣ ਲਈ ਯਤਨ ਤੇਜ਼ ਕਰਨ ਲਈ ਵੀ ਕਿਹਾ। ਉਹਨਾਂ ਅਧਿਕਾਰੀਆਂ ਨੂੰ ਕਿਹਾ ਜਗਰਾਉਂ ਸ਼ਹਿਰ ਵਿੱਚ ਪੱਤਰਕਾਰਾਂ ਲਈ ‘ਪ੍ਰੈਸ ਕਲੱਬ’ ਬਣਾਇਆ ਜਾਵੇ, ਜਿੱਥੇ ਪੀਣ ਵਾਲੇ ਪਾਣੀ ਲਈ ਲਗਾਏ ਆਰ.ਓ.ਸਿਸਟਮ ਖਰਾਬ ਹਨ, ਠੀਕ ਕਰਵਾਏ ਜਾਣ, ਪਿੰਡ ਅਖਾੜਾ ਵਿੱਚ ਨਾਲੇ ਦਾ ਪ੍ਰਬੰਧ ਕੀਤਾ ਜਾਵੇ, ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਤਲੁਜ ਦਰਿਆ ਉਪਰ ਵਾਰ ਵਾਰ ਟੁੱਟਦੇ ਬੰਨ ਦਾ ਪੱਕਾ ਹੱਲ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਯੋਤ ਸਿੰਘ ਡੀ.ਐਸ.ਪੀ.ਜਗਰਾਉਂ, ਤਹਿਸੀਲਦਾਰ ਚਰਨਜੀਤ ਸਿੰਘ ਚੰਨੀ, ਡਾ.ਵਰੁਨ ਸਾਗਰ, ਸੁਖਦੇਵ ਸਿੰਘ ਰੰਧਾਵਾ ਈ.ਓ.ਜਗਰਾਉਂ, ਮਨਜੀਤ ਸਿੰਘ ਐਸ.ਡੀ.ਓ.ਰੂੰਮੀ, ਪਰਮਜੀਤ ਸਿੰਘ ਚੀਮਾਂ, ਬਲਵਿੰਦਰ ਸਿੰਘ ਐਸ.ਡੀ.ਓ.ਪੰਚਾਇਤੀ ਰਾਜ, ਕਰਮਜੀਤ ਸਿੰਘ ਜੇਈ, ਜੁਗਰਾਜ ਸਿੰਘ ਜੀ.ਐਮ.ਰੋਡਵੇਜ਼, ਗੌਰਵ ਸੋਨੀ, ਗੁਰਦੀਪ ਸਿੰਘ ਖੇਤੀਬਾੜੀ ਅਫ਼ਸਰ, ਜਸਵਿੰਦਰ ਸਿੰਘ ਡੀ.ਐਸ.ਐਫ.ਓ., ਮੁਹਿੰਦਰ ਕੌਰ ਸੀ.ਡੀ.ਪੀ.ਓ., ਸੁਖਦੇਵ ਸਿੰਘ ਸ਼ੇਰਪੁਰੀ ਰੀਡਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਅਧਿਕਾਰੀ ਹਾਜ਼ਰ ਸਨ।