ਜੱਥੇਬੰਦਕ ਢਾਂਚੇ ਦਾ ਐਲਾਨ ਇਕ ਹਫ਼ਤੇ ’ਚ :- ਭਾਈ ਗਰੇਵਾਲ
ਜਗਰਾਉਂ, 17 ਮਾਰਚ ( ਵਿਕਾਸ ਮਠਾੜੂ, ਧਰਮਿੰਦਰ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਦੇ ਐਲਾਨ ਤੋਂ ਬਾਅਦ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਜ਼ਿਲ੍ਹੇ ਦੇ ਹਲਕਿਆਂ ਦਾ ਦੌਰਾ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿੱਥੇ ਧੰਨਵਾਦੀ ਹਨ, ਉਥੇ ਪਾਰਟੀ ਵੱਲੋਂ ਲਾਈ ਡਿਊਟੀ ਤਨਦੇਹੀ ਨਾਲ ਨਿਭਾਉਣਗੇ। ਅੱਜ ਜ਼ਿਲ੍ਹੇ ਦੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਹਲਕਾ ਜਗਰਾਉਂ ਦੇ ਇੰਚਾਰਜ ਐਸ. ਆਰ. ਕਲੇਰ, ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਤੋਂ ਇਲਾਵਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਹਲਕਿਆਂ ’ਚ ਜੱਥੇਬੰਦਕ ਢਾਂਚੇ ਦੀ ਮੁੜ ਤੋਂ ਉਸਾਰੀ ਤੇ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਹੋਇਆ। ਚਾਰੇ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਇਕ ਹਫਤੇ ਦੇ ਅੰਦਰ ਸਰਕਲ ਪ੍ਰਧਾਨ ਲੈਵਲ ਦਾ ਢਾਂਚਾ ਮੁਕੰਮਲ ਕਰ ਲਿਆ ਜਾਵੇਗਾ। ਭਾਈ ਗਰੇਵਾਲ ਨੇ ਕਿਹਾ ਕਿ ਪਾਰਟੀ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਦਾ ਬਣਦਾ ਮਾਣ ਸਨਮਾਨ ਮੁੱਢਲਾ ਫ਼ਰਜ਼ ਹੋਵੇਗਾ। ਪਿੱਛਲੇ ਸਮੇਂ ਕੁਝ ਕਾਰਨਾਂ ਕਰਕੇ ਪਾਰਟੀ ਤੋਂ ਦੂਰ ਜਾ ਚੁੱਕੇ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਲਈ ਘਰ-ਘਰ ਤੱਕ ਪਹੁੰਚ ਬਣਾਈ ਜਾਵੇਗੀ ਅਤੇ ਅਗਾਮੀ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਲਈ ਹਰ ਹੀਲੇ ਸੰਘਰਸ਼ ਕੀਤਾ ਜਾਵੇਗਾ।
