“ਮੇਰਾ ਮਲੇਰਕੋਟਲਾ – “ਪਲਾਸਟਿਕ ਮੁਕਤ”, “ਨਸ਼ਾ ਮੁਕਤ ” ਅਤੇ “ਭਾਈਚਾਰਕ ਸਾਂਝ ਵਾਲਾ” ਤੇ ਕੱਢੀ ਜਾਵੇਗੀ ਰੈਲੀ : ਮਾਧਵੀ ਕਟਾਰੀਆ
ਮਲੇਰਕੋਟਲਾ 19 ਮਾਰਚ ( ਭਗਵਾਨ ਭੰਗੂ, ਰਾਜੇਸ਼ ਜੈਨ)- ਆਉਣ ਵਾਲੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਨੂੰ ਸਮਰਪਿਤ ਮਲੇਰਕੋਟਲਾ ਦੇ 12 ਸਰਕਾਰੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਵਲੋਂ ਰੈਲੀ ਦਾ ਆਯੋਜਨ ਕੀਤਾ ਜਾਵੇਗਾ । ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੈਲੀ ‘ਮੇਰਾ ਮਲੇਰਕੋਟਲਾ – “ਪਲਾਸਟਿਕ ਮੁਕਤ ”, “ਨਸ਼ਾ ਮੁਕਤ ” ਅਤੇ “ਭਾਈਚਾਰਕ ਸਾਝ ਵਾਲਾ” ਵਿਸ਼ਿਆ ਤੇ ਮਲੇਰਕੋਟਲਾ ਵਾਸੀਆਂ ਵਿੱਚ ਜਾਗਰੂਰਕਤਾ ਪੈਦਾ ਕਰਨ ਦੇ ਮਕਦਸ ਨਾਲ ਕੱਢੀ ਜਾਵੇਗੀ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦਿੱਤੀ ।
ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਕਾਰਣ ਹੀ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸੱਚੀ ਸਰਧਾਜਲੀ ਉਹੀ ਹੋਵੇਗੀ ਕਿ ਅਸੀਂ ਸ਼ਹੀਦਾਂ ਦੇ ਸੁਪਨਿਆ ਦਾ ਸਮਾਜ ਉਲੀਕਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਸਮਾਜ ਵਿੱਚ ਪਨਪ ਰਹੀਆਂ ਬੁਰਾਈਆਂ ਦਾ ਡਟ ਕੇ ਮੁਕਾਬਲਾ ਕਰੀਏ। ਅੱਜ ਮਾਲੇਰਕੋਟਲਾ ਜ਼ਿਲੇ ਵਿੱਚ ਪਲਾਸਟਿਕ ਅਤੇ ਨਸ਼ੇ ਦੀ ਸਮੱਸਿਆ ਵੱਡੇ ਤੌਰ ਦੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਇਸ ਤੇ ਠੱਲ ਪਾਉਣ ਲਈ ਤਿਆਰ ਹੈ। ਆਪਣੇ ਜ਼ਿਲੇ ਨੂੰ ਵਿਰਾਸਤੀ ਭਾਈਚਾਰਕ ਸਾਂਝ ਵਾਲਾ ਖੇਤਰ ਹਮੇਸ਼ਾ ਤੇ ਹਰ ਹਾਲ ਵਿੱਚ ਬਣਾਏ ਰੱਖਣ ਲਈ ਇਹ ਸੰਦੇਸ਼ ਲਗਾਤਾਰ ਦੋਹਰਾਓਂਦੇ ਰਹਿਣਾ ਹੈ ਅਤੇ ਦੇਸ਼ ਦੁਨੀਆ ਵਿੱਚ ਮਿਸਾਲ ਕਾਇਮ ਰੱਖਣੀ ਹੈ। ਧਰਮ, ਜਾਤੀ ਆਦਿ ਤੋਂ ਉੱਪਰ ਉੱਠ ਕੇ ਦੇਸ਼ਭਗਤੀ ਅਤੇ ਭਾਈਚਾਰਕ ਸਾਂਝ ਦੇ ਸਦਕੇ ਹੀ ਅਜ਼ਾਦੀ ਘੁਲਾਟੀਆਂ ਨੇ ਦੇਸ਼ ਨੂੰ ਅਜ਼ਾਦ ਕਰਵਾਇਆ। ਉਹ ਕੌਮਾਂ ਸਦਾ ਤਰੱਕੀ ਕਰਦਆਂ ਹਨ ਜੋ ਆਪਣੇ ਸ਼ਹੀਦਾ ਨੂੰ ਯਾਦ ਰੱਖਦੀਆ ਹਨ ਅਤੇ ਉਨ੍ਹਾਂ ਦੀ ਸੋਚ ਨੂੰ ਅਮਲੀਜਾਮਾ ਪਹਿਨਾਉਂਦੀਆਂ ਹਨ।
ਸ਼ਹੀਦਾਂ ਦੇ ਸਪਨੇ ਦਾ ਦੇਸ਼ ਬਣਾਉਣ ਲਈ ਕੁਰੀਤੀਆ ਮੁਕਤ ਸਮਾਜ ਦੀ ਰਚਨਾ ਕਰਨੀ ਜਰੂਰੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ੍ਰੀ ਸੰਜੀਵ ਸ਼ਰਮਾਂ ਨੇ ਦੱਸਿਆ ਕਿ “ਮੇਰਾ ਮਲੇਰਕੋਟਲਾ- ਪਲਾਸਟਿਕ ਮੁਕਤ ”, “ਨਸ਼ਾ ਮੁਕਤ ” ਅਤੇ “ਭਾਈਚਾਰਕ ਸਾਂਝ ਵਾਲਾ ” ਵਿਸ਼ਿਆ ਤੇ ਕੱਢੀ ਜਾਣ ਵਾਲੀ ਰੈਲੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਸਰਕਾਰੀ ਸੀਨੀਅਰ ਸੈਕੰਡਰੀ (ਕੰ) , ਇਸਲਾਮੀਆ ਸਰਕਾਰੀ ਸੀਨੀਅਰ ਸੈਕੰਡਰੀ,ਇਸਲਾਮੀਆ ਕੰਬੋਜ ਸਰਕਾਰੀ ਸੀਨੀਅਰ ਸੈਕੰਡਰੀ ,ਐਸ.ਡੀ.ਪੀ.ਪੀ. ਸਰਕਾਰੀ ਸੀਨੀਅਰ ਸੈਕੰਡਰੀ,ਐਸ.ਏ. ਜੈਨ. ਸਰਕਾਰੀ ਸੀਨੀਅਰ ਸੈਕੰਡਰੀਐਸ.ਐਫ.ਐਸ. ਸਰਕਾਰੀ ਸੀਨੀਅਰ ਸੈਕੰਡਰੀ, ਡੀ.ਏ.ਵੀ. ਸ.ਸ.ਸ. ਮਾਲੇਰਕੋਟਲਾ, ਸੀਤਾ ਗਰਾਮਰ ਸਕੂਲ ਅਤੇ ਤਾਰਾ ਕਾਨਵੈਂਟ ਸਕੂਲ, ਅਲ-ਫਲਾਹ ਸਰਕਾਰੀ ਸੀਨੀਅਰ ਸੈਕੰਡਰੀ ,ਇਸਲਾਮੀਆਂ ਸਰਕਾਰੀ ਸੀਨੀਅਰ ਸੈਕੰਡਰੀ (ਕੰ) ਸਕੂਲ ਮਲੇਰਕੋਟਲਾ ਦੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਵਿਦਿਆਰਥੀਆਂ ਦੇ ਹੱਥਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜੀਵਣ ਤੋਂ ਪ੍ਰੇਰਨਾ ਲੈਣ ਵਾਲੇ ਸਲੋਗਨਜ਼ ਦੇ ਨਾਲ ਨਾਲ ਸਿੰਗਲ ਯੂਜ ਪਲਾਸਟਿਕ ਦੇ ਮਾੜੇ ਪ੍ਰਭਾਵ, ਨਸ਼ੇ ਦੇ ਸਮਾਜ ਤੇ ਪਰਿਵਾਰ ਤੇ ਮਾੜੇ ਪ੍ਰਭਾਵ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਵਾਲੀਆਂ ਤਖਤੀਆ ਲੈ ਕੇ ਵਿਦਿਆਰਥੀਆਂ ਵਲੋਂ ਰੈਲੀ ਕੱਢੀ ਜਾਵੇਗੀ । ਸ਼ਹਿਰ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਟੀਚਿਆਂ ਨੂੰ ਸਫ਼ਲ ਬਣਾਉਣ ਲਈ ਜਾਗਰੂਕ ਹੋ ਕੇ ਬਣਦਾ ਹਿੱਸਾ ਪਾਉਣ।