ਨਵਾਂਸ਼ਹਿਰ, 11 ਫਰਵਰੀ,(ਰਾਜਨ ਜੈਨ – ਮੋਹਿਤ ਜੈਨ) : ਕੌਮੀ ਲੋਕ ਅਦਾਲਤ ਦੇ ਮੱਦੇਨਜ਼ਰ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ 25 ਖਪਤਕਾਰਾਂ ਅਤੇ ਕੰਪਨੀਆਂ ਦੇ ਝਗੜਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਦੌਰਾਨ ਖਪਤਕਾਰ ਮਾਮਲਿਆਂ ਨਾਲ ਸਬੰਧਤ ਦੋਵਾਂ ਧਿਰਾਂ ਦੀ ਵਿਸ਼ੇਸ਼ ਸੁਣਵਾਈ ਕਰਕੇ ਕੁੱਲ 27 ਕੇਸਾਂ ਨੂੰ ਵਿਚਾਰ ਅਧੀਨ ਲਿਆ ਗਿਆ। ਦਿਨ ਦੇ ਅਖੀਰ ਤੱਕ, ਕਮਿਸ਼ਨ 25 ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਫਲ ਰਿਹਾ ਜੋ ਕਿ ਕੁੱਲ ਕੇਸਾਂ ਵਿੱਚੋਂ 92.59 ਬਣਦੇ ਹਨ।ਉਨ੍ਹਾਂ ਦੱਸਿਆ ਕਿ 25 ਕੇਸਾਂ ਦਾ ਨਿਪਟਾਰਾ ਕਰਕੇ ਇਨ੍ਹਾਂ ਕੇਸਾਂ ਵਿੱਚ ਕਲੇਮ ਵਜੋਂ 1,11,38,686 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਜਿਨ੍ਹਾਂ ਕੇਸਾਂ ਵਿੱਚ ਕੰਪਨੀਆਂ ਨੂੰ ਖਪਤਕਾਰਾਂ ਦੇ ਦਾਅਵਿਆਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ, ਉਨ੍ਹਾਂ ਵਿੱਚ ਲੁਫਥਾਂਸਾ ਗਰੁੱਪ ਏਅਰਲਾਈਨਜ਼, ਪੀ ਐਨ ਬੀ, ਕੇਨਰਾ ਬੈਂਕ, ਪੀ ਐਸ ਪੀ ਸੀ ਐਲ, ਕੇਅਰ ਹੈਲਥ ਇੰਸ਼ੋਰੈਂਸ, ਪੀਐਨਬੀ ਮੈਟ ਲਾਈਫ ਇੰਸ਼ੋਰੈਂਸ, ਨੈਸ਼ਨਲ ਇੰਸ਼ੋਰੈਂਸ, ਨਿਊ ਇੰਡੀਆ ਇੰਸ਼ੋਰੈਂਸ, ਫਿਊਚਰ ਜਨਰਲੀ ਇੰਸ਼ੋਰੈਂਸ, ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ, ਆਈ ਵੀ ਹਸਪਤਾਲ, ਕਰਨਾਣਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੋਸਾਇਟੀ ਅਤੇ ਕੁਝ ਹੋਰ ਫਰਮਾਂ ਸ਼ਾਮਲ ਹਨ।ਖਪਤਕਾਰ ਕਮਿਸ਼ਨ ਦੇ ਬੈਂਚ ਵਿੱਚ ਪ੍ਰਧਾਨ ਕੁਲਜੀਤ ਸਿੰਘ ਅਤੇ ਮੈਂਬਰ ਯਾਦਵਿੰਦਰ ਪਾਲ ਸਿੰਘ ਬਾਠ ਅਤੇ ਰੇਣੂ ਗਾਂਧੀ ਅਤੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਉੱਤਰਦਾਤਾਵਾਂ ਦੇ ਸਟਾਫ਼ ਵੱਲੋਂ ਸਹਿਯੋਗ ਦਿੱਤਾ ਗਿਆ।