Home ਧਾਰਮਿਕ ਸਿੱਖ ਅਰਦਾਸ ਦੌਰਾਨ ਮਰਯਾਦਾ ਦੀ ਉਲੰਘਣਾ ਲਈ ਮਨੋਹਰ ਲਾਲ ਖੱਟਰ ਮੁਆਫ਼ੀ ਮੰਗਣ...

ਸਿੱਖ ਅਰਦਾਸ ਦੌਰਾਨ ਮਰਯਾਦਾ ਦੀ ਉਲੰਘਣਾ ਲਈ ਮਨੋਹਰ ਲਾਲ ਖੱਟਰ ਮੁਆਫ਼ੀ ਮੰਗਣ – SGPC ਪ੍ਰਧਾਨ

34
0


ਅੰਮ੍ਰਿਤਸਰ, 11 ਫ਼ਰਵਰੀ (ਵਿਕਾਸ ਮਠਾੜੂ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਸਿੱਖ ਅਰਦਾਸ ਵਿਚ ਨੰਗੇ ਸਿਰ ਖੜ੍ਹ ਕੇ ਸਿੱਖ ਮਰਯਾਦਾ ਦੀ ਕੀਤੀ ਉਲੰਘਣਾ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਰਿਆਣਾ ਦੇ ਫਰੀਦਾਬਾਦ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਮੌਕੇ ਮਨੋਹਰ ਲਾਲ ਖੱਟਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸਿੱਖ ਅਰਦਾਸ ਦੌਰਾਨ ਬਿਨਾਂ ਸਿਰ ਢੱਕਣ ਤੋਂ ਸ਼ਾਮਲ ਹਨ।ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਅਜਿਹਾ ਕਰਕੇ ਸਿੱਖ ਮਰਯਾਦਾ ਦਾ ਉਲੰਘਣ ਕੀਤਾ ਗਿਆ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਸਿੱਖ ਅਰਦਾਸ ਦੀ ਇਕ ਮਰਯਾਦਾ ਹੈ, ਜਿਸ ਤਹਿਤ ਅਰਦਾਸ ਵਿਚ ਖੜ੍ਹਨ ਵਾਲਾ ਹਰ ਵਿਅਕਤੀ ਪਰਮਾਤਮਾ ਅਤੇ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਿਰ ਢੱਕ ਕੇ ਅਤੇ ਦੋਵੇਂ ਹੱਥ ਜੋੜ ਕੇ ਸਤਿਕਾਰ ਸਹਿਤ ਖੜ੍ਹਦਾ ਹੈ। ਇਸ ਮਰਯਾਦਾ ਵਿਚ ਕਿਸੇ ਨੂੰ ਵੀ ਮਨਮਰਜ਼ੀ ਦੀ ਖੁੱਲ੍ਹ ਨਹੀਂ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਖੱਟਰ ਪੰਜਾਬੀ ਮੂਲ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਸਿੱਖ ਮਰਯਾਦਾ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਜਾਣਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਦੁਖਾਉਣੀਆਂ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਸਮਾਗਮ ਦੌਰਾਨ ਗੈਰ ਸੰਵਿਧਾਨਕ ਤੌਰ ’ਤੇ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਗੁਰਵਿੰਦਰ ਸਿੰਘ ਧਮੀਜਾ ਵੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਾਲ ਖੜ੍ਹੇ ਨਜ਼ਰ ਆ ਰਹੇ ਹਨ।ਗੁਰਵਿੰਦਰ ਸਿੰਘ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਿੱਖ ਮਰਯਾਦਾ ਦਾ ਉਲੰਘਣ ਕਰਨ ਤੋਂ ਨਾ ਰੋਕਣਾ ਵੱਡੇ ਸਵਾਲ ਪੈਦਾ ਕਰਦਾ ਹੈ। ਇਸ ਤੋਂ ਇਹ ਵੀ ਸਾਫ਼ ਹੋ ਰਿਹਾ ਹੈ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੰਡਤ ਕਰਨ ਦੇ ਮੰਤਵ ਨਾਲ ਗੈਰ-ਸੰਵਿਧਾਨਕ ਤੌਰ ’ਤੇ ਸਰਕਾਰੀ ਸ਼ਹਿ ’ਤੇ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਕੇਵਲ ਸਰਕਾਰ ਦੇ ਚਾਪਲੂਸ ਹੀ ਹਨ। ਇਨ੍ਹਾਂ ਦਾ ਸਿੱਖ ਮਰਯਾਦਾ ਦੀ ਪਹਿਰੇਦਾਰੀ ਨਾਲ ਕੋਈ ਵਾਹ-ਵਾਸਤਾ ਨਹੀਂ ਹੈ, ਜਿਹਾ ਕਿ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਮਰਯਾਦਾ ਦੀ ਕੀਤੀ ਅਵੱਗਿਆ ਦੌਰਾਨ ਸਾਹਮਣੇ ਆਇਆ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਖੱਟਰ ਵੱਲੋਂ ਕੀਤੀ ਗਈ ਸਿੱਖ ਮਰਯਾਦਾ ਦੀ ਉਲੰਘਣਾ ਲਈ ਉਹ ਤੁਰੰਤ ਮੁਆਫ਼ੀ ਮੰਗਣ। ਇਸ ਦੇ ਨਾਲ ਹੀ ਉਥੇ ਮੌਜੂਦ ਹਰਿਆਣਾ ਦੇ ਸਥਾਨਕ ਸਿੱਖ ਆਗੂ ਵੀ ਆਪਣਾ ਪੱਖ ਜ਼ਰੂਰ ਸਪੱਸ਼ਟ ਕਰਨ।

LEAVE A REPLY

Please enter your comment!
Please enter your name here