ਭਵਾਨੀਗੜ੍ਹ (ਵਿਕਾਸ-ਅਸਵਨੀ)ਸ਼ਨਿਚਰਵਾਰ ਨੂੰ ਸਬ ਡਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਖੇੜੀ ਚੰਦਵਾਂ ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਦਿਨ ਦਿਹਾੜੇ ਘਰ ਵਿੱਚ ਮੌਜੂਦ ਇਕੱਲੀ ਔਰਤ ਦੇ ਸਿਰ ‘ਚ ਕੁਹਾੜਾ ਮਾਰ ਕਿਸੇ ਅਣਪਛਾਤੇ ਵੱਲੋਂ ਉਸਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕਾ ਦੇ ਦਿਓਰ ਚਮਕੌਰ ਸਿੰਘ ਨੇ ਘਟਨਾ ਸਬੰਧੀ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਵਿਰਲਾਪ ਰੌੰਦੇ ਕੁਰਲਾਉਂਦਿਆਂ ਦੱਸਿਆ ਕਿ ਅੱਜ ਉਸ ਦਾ ਭਰਾ ਨਿਰਮਲ ਸਿੰਘ ਕਿਸੇ ਕੰਮ ਸਬੰਧੀ ਨੇੜਲੇ ਪਿੰਡ ਗਿਆ ਹੋਇਆ ਸੀ ਤੇ ਉਸ ਦੀ ਭਰਜਾਈ ਪਰਮਜੀਤ ਕੌਰ (40) ਘਰ ਵਿੱਚ ਇਕੱਲੀ ਸੀ ਤਾਂ ਦੁਪਹਿਰ ਰੋਟੀ ਦੇ ਸਮੇਂ ਜਦੋਂ ਉਨ੍ਹਾਂ ਦਾ ਨਾਬਾਲਗ ਨੌਕਰ ਘਰ ਆਇਆ ਤਾਂ ਉਸਨੇ ਦੇਖਿਆ ਕਿ ਪਰਮਜੀਤ ਕੌਰ ਦੀ ਖੂਨ ਨਾਲ ਲੱਥਪੱਥ ਲਾਸ਼ ਘਰ ਦੇ ਵਿਹੜੇ ‘ਚ ਪਈ ਸੀ ਤੇ ਨੇੜੇ ਹੀ ਖੂਨ ਨਾਲ ਰੰਗਿਆ ਕੁਹਾੜਾ ਪਿਆ ਸੀ। ਪਰਿਵਾਰ ਨੇ ਦੱਸਿਆ ਕਿ ਵਾਰਦਾਤ ਸਮੇਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਜਿਸ ਤੋਂ ਅੰਦਾਜਾ ਲੱਗਦਾ ਹੈ ਕਿ ਘਰ ‘ਚ ਲੁੱਟ ਦੀ ਨੀਯਤ ਨਾਲ ਦਾਖਲ ਹੋਏ ਕਿਸੇ ਵਿਅਕਤੀ ਜਾਂ ਵਿਅਕਤੀਆਂ ਦਾ ਵਿਰੋਧ ਕਰਨ ਪਿੱਛੋਂ ਲੁੱਟੇਰਿਆਂ ਨੇ ਉਨ੍ਹਾਂ ਦੇ ਹੀ ਘਰ ‘ਚ ਪਏ ਕੁਹਾੜੇ ਨਾਲ ਪਰਮਜੀਤ ਕੌਰ ਦਾ ਸਿਰ ‘ਤੇ ਵਾਰ ਕਰਕੇ ਕਤਲ ਕਰ ਦਿੱਤਾ। ਓਧਰ, ਡੀਐਸਪੀ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚ ਕੇ ਗੰਭੀਰਤਾ ਜਾਂਚ ਸ਼ੁਰੁ ਕਰ ਦਿੱਤੀ ਹੈ। 25 ਦਿਨਾਂ ਤੋਂ ਬੰਦ ਮਿਲੇ ਪਿੰਡ ‘ਚ ਪ੍ਰਸ਼ਾਸਨ ਦੇ ਕੈਮਰੇ
ਪਿੰਡ ਦੇ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋ ਉਨ੍ਹਾਂ ਦੇ ਪਿੰਡ ਵਿੱਚ 6 ਦੇ ਕਰੀਬ ਸੀਸੀਟੀਵੀ ਕੈਮਰੇ ਜਰੂਰ ਲਗਾਏ ਹੋਏ ਹਨ ਪਰੰਤੂ ਅੱਜ ਜਦੋ ਪੁਲਿਸ ਦੀ ਹਾਜ਼ਰੀ ‘ਚ ਵਾਰਦਾਤ ਮਗਰੋਂ ਇਨ੍ਹਾਂ ਕੈਮਰਿਆਂ ਦੀ ਫੁੱਟੇਜ਼ ਚੈੱਕ ਕੀਤੀ ਗਈ ਤਾਂ ਸਾਰੇ ਕੈਮਰੇ ਬੰਦ ਹਾਲਤ ‘ਚ ਮਿਲੇ। ਪਰਮਜੀਤ ਸਿੰਘ ਨੇ ਦੱਸਿਆ ਕਿ ਕੈਮਰਿਆਂ ਦੀ ਆਖਰੀ ਰਿਕਾਰਡਿੰਗ 31 ਜਨਵਰੀ ਤਕ ਦੀ ਦਿਖਾਈ ਦਿੱਤੀ। ਜਿਸ ਤੋਂ ਸਾਫ ਹੈ ਕਿ ਪਿੰਡ ਦੇ ਕੈਮਰੇ ਪਿਛਲੇ 25 ਦਿਨਾਂ ਤੋਂ ਬੰਦ ਪਏ ਹਨ। ਪ੍ਰਸ਼ਾਸਨ ਵੱਲੋਂ ਕੈਮਰਿਆਂ ਦਾ ਕੰਟਰੋਲ ਰੂਮ ਪੁਲਿਸ ਚੌਕੀ ਜੌਲੀਆਂ ਵਿਖੇ ਬਣਾਇਆ ਹੋਇਆ ਹੈ।
