Home Punjab ਲਗਾਤਾਰ ਬਾਰਸ਼ ਨੇ ‘ਸਾਉਣ ਦੀ ਝੜੀ’ ਚੇਤੇ ਕਰਾਈ, ਤਿੰਨ ਦਿਨ ਦੁਕਾਨਦਾਰ ਰਹੇ...

ਲਗਾਤਾਰ ਬਾਰਸ਼ ਨੇ ‘ਸਾਉਣ ਦੀ ਝੜੀ’ ਚੇਤੇ ਕਰਾਈ, ਤਿੰਨ ਦਿਨ ਦੁਕਾਨਦਾਰ ਰਹੇ ਵਿਹਲੇ ??

50
0

ਜਗਰਾਉਂ (ਪ੍ਰਤਾਪ ਸਿੰਘ): ਪਿਛਲੇ ਕਰੀਬ ਪੰਦਰਾਂ ਵੀਹ ਸਾਲ ਤੋਂ ਜਗਰਾਉਂ ਸ਼ਹਿਰ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਥੋੜ੍ਹਾ ਜੇਹਾ ਮੀਂਹ ਪੈਂਦਾ ਹੈ ਤਾਂ ਸ਼ਹਿਰ ‘ਪਾਣੀ ਪਾਣੀ’ ਹੋ ਜਾਂਦਾ ਹੈ ਪਰ ਪ੍ਰਸ਼ਾਸਨ ਕਦੇ ਵੀ ‘ਪਾਣੀ ਪਾਣੀ’ ਨਹੀਂ ਹੋਇਆ। ਇਹ ਵਰਤਾਰਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਭਾਵੇਂ ਅੱਸੂ ਦੇ ਮਹੀਨੇ ਚ ਅਜਿਹੀ ਲਗਾਤਾਰ ਬਾਰਸ਼ ਨਹੀਂ ਹੁੰਦੀ ਪਰ ਇਸ ਵਾਰ ਅੱਸੂ ਦੇ ਮਹੀਨੇ ਵਿੱਚ ਵੀ ਲੱਗੀ ਝੜੀ ਨੇ ‘ਸਾਵਣ ਦੀ ਝੜੀ’ ਚੇਤੇ ਕਰਵਾ ਦਿੱਤੀ। ਆਮ ਲੋਕ ਤਾਂ ਗਰਮੀ ਤੋਂ ਮਿਲੀ ਰਾਹਤ ਤੋਂ ਖੁਸ਼ ਨਜ਼ਰ ਆਏ ਪਰ ਕਿਸਾਨਾਂ ਦੇ ਅਤੇ ਸ਼ਹਿਰ ਦੇ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਸਨ। ਪਿਛਲੇ ਪੰਦਰਾਂ ਵੀਹ ਸਾਲਾਂ ਤੋਂ ਸ਼ਹਿਰ ਦੇ ਦੁਕਾਨਦਾਰ ਇਸ ਸੰਤਾਪ ਨੂੰ ਭੋਗ ਰਹੇ ਹਨ ਤੇ ਹਰ ਵਾਰ ਨਵੀਂ ਬਣਨ ਵਾਲੀ ਸਰਕਾਰ ਦੁਕਾਨਦਾਰਾਂ ਨੂੰ ‘ਲਾਰਾ ਲੱਪਾ’ ਲਾ ਕੇ ਵੋਟਾਂ ਬਟੋਰ ਲੈਂਦੀ ਹੈ ਪਰ ਇਸ ਪਾਣੀ ਦੀ ਨਿਕਾਸੀ ਦਾ ਹੱਲ ਨਾ ਹੋ ਸਕਿਆ। ਇਸ ਵਾਰ ਤਾਂ ਦੁਕਾਨਦਾਰਾਂ ਨੂੰ ਵਧੇਰੇ ਉਮੀਦਾਂ  ਸਨ ਕਿ ਨਵੀਂ ਸਰਕਾਰ ਜੋ ਆਮ ਪਾਰਟੀ ਦੇ ਆਮ ਆਦਮੀ ਦੀ ਸਰਕਾਰ ਕਹਾਉਂਦੀ ਹੈ ਤੇ ਮੌਜੂਦਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ  ਸ਼ਹਿਰ ਦੇ ਦੁਕਾਨਦਾਰਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਇਸ ਦਾ ਹੱਲ ਛੇਤੀ ਕੀਤਾ ਜਾਵੇਗਾ ਪਰ ਅੱਜ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ  ਸ਼ਹਿਰ ਦੀ ਪਾਣੀ ਨਿਕਾਸੀ ਦਾ ਹੱਲ ਸੰਭਵ ਨਾ ਹੋ ਸਕਿਆ। ਆਮ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਰਟਿਆ ਰਟਾਇਆ ਜੁਆਬ ਦਿੱਤਾ ਕਿ ਅਜੇ ਤਾਂ ਸਰਕਾਰ ਨੂੰ ਛੇ ਮਹੀਨੇ ਹੀ ਹੋਏ ਹਨ ? ਕਮਲ ਚੌਕ ਲਾਗਲੇ ਦੁਕਾਨਦਾਰ ਤਾਂ ਹੁਣ ਰੋਸਾ ਵੀ ਘੱਟ ਹੀ ਕਰਦੇ ਹਨ, ਆਦੀ ਹੋ ਗਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੋਸੇ ਕਰ ਕਰ ਕੇ ਹੰਭ ਚੁੱਕੇ ਹਾਂ, ਹੁਣ ਤਾਂ ਕੋਈ ਗੈਬੀ ਸ਼ਕਤੀ ਹੀ ਸਾਨੂੰ ਇਸ ਮੁਸੀਬਤ ਤੋਂ ਨਿਜਾਤ ਦਿਵਾਏਗੀ। ਅੱਜ ਐਤਵਾਰ ਮੀਂਹ ਨਾ ਪੈਣ ਦੇ ਬਾਵਜੂਦ ਸ਼ਹਿਰ ਵਿਚ ਪਾਣੀ ਖੜ੍ਹਾ ਹੋਣ ਕਰਕੇ ਦੁਕਾਨਦਾਰ ਤੀਜੇ ਦਿਨ ਵੀ ਮੱਖੀਆਂ ਮਾਰਦੇ ਰਹੇ? 

LEAVE A REPLY

Please enter your comment!
Please enter your name here