ਫਾਜਿਲਕਾ(ਵਿਕਾਸ ਮਠਾੜੂ-ਧਰਮਿੰਦਰ ) ਅੱਜ 74ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਤਿਰੰਗਾ ਲਹਿਰਾਇਆ।ਉਨ੍ਹਾਂ ਪਰੇਡ ਤੋਂ ਸਲਾਮੀ ਲਈ ਅਤੇ ਸ਼ਾਨਦਾਰ ਮਾਰਚ ਪਾਸਟ ਦਾ ਮੁਆਇਨਾ ਕੀਤਾ।ਇਸ ਮੌਕੇ ਬੱਚਿਆਂ ਦੀਆਂ ਉਤਸ਼ਾਹ ਭਰਪੂਰ ਪੇਸ਼ਕਾਰੀਆਂ ਨੇ ਭਾਰਤੀ ਗਣਤੰਤਰ ਦੇ ਇਸ ਤਿਉਹਾਰ ਦੀਆਂ ਖੁਸ਼ੀਆਂ ਦੁਗਣੀਆਂ ਕੀਤੀਆ। ਮੀਤ ਹੇਅਰ ਨੇ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਰੰਗਲਾ ਪੰਜਾਬ ਦੇ ਸੁਫਨੇ ਨੂੰ ਸਾਕਾਰ ਕਰਨ ਦਾ ਅਹਿਦ ਲਿਆ।
ਜ਼ਿਲਾ ਪੱਧਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਮੀਤ ਹੇਅਰ ਨੇ ਸ਼ਹੀਦਾਂ ਦੀ ਸਮਾਧ ਆਸਫ਼ ਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ, ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਤੇ ਐਸ.ਐਸ.ਪੀ. ਭੁਪਿੰਦਰ ਸਿੰਘ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਰਵਾਇਤੀ ਡੋਰ ਨਾਲ ਪਤੰਗ ਉਡਾਇਆ
ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਾਜ਼ਿਲਕਾ ਵਿਖੇ ਬਸੰਤ ਪੰਚਮੀ ਮੌਕੇ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਰਵਾਇਤੀ ਡੋਰ ਨਾਲ ਪਤੰਗ ਉਡਾ ਕੇ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਦਾ ਸੰਦੇਸ਼ ਦਿੱਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਈਨਾ ਡੋਰ ਨਾਲ ਹੁੰਦੇ ਨੁਕਸਾਨ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਇਸ ਦੀ ਖਰੀਦ-ਵੇਚ ਅਤੇ ਵਰਤੋਂ ਉੱਤੇ ਪੂਰਨ ਪਾਬੰਦੀ ਲਗਾਈ ਹੈ।
ਇਸ ਤੋਂ ਪਹਿਲਾਂ ਆਪਣੇ ਸੰਦੇਸ਼ ਵਿਚ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਕੂਲੀ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ 100 ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਫਾਜਿਲਕਾ ਜਿਲੇ ਵਿੱਚ ਅਜਿਹੇ 4 ਸਕੂਲ ਖੋਲੇ ਗਏ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸੂਬੇ ਵਿਚ ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਨਾਂ ਵਿੱਚੋਂ 21 ਕਲੀਨਿਕ ਫਾਜਿਲਕਾ ਜਿਲੇ ਵਿੱਚ ਬਣ ਰਹੇ ਹਨ।