ਜਗਰਾਓਂ, 13 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਐਸ ਕੇ ਐਮ ਦੇ ਸੱਦੇ ਨੂੰ ਲਾਗੂ ਕਰਦਿਆਂ ਸਾਂਝਾ ਸੰਘਰਸ਼ ਵਿੱਚ ਸ਼ਾਮਿਲ 9 ਕਿਸਾਨ ਜੱਥੇਬੰਦੀਆਂ ਵੱਲੋਂ 11 ਸਤੰਬਰ ਨੂੰ ਐਮ ਐਲ ਏ ਹਲਕਾ ਜਗਰਾਉਂ ਦੇ ਦਫਤਰ ਅੱਗੇ ਸ਼ੁਰੂ ਕੀਤਾ ਦਿਨ ਰਾਤ ਦਾ ਧਰਨਾ ਆਕਾਸ਼ ਗੂੰਜਾਊ ਨਾਅਰਿਆਂ ਉਪਰੰਤ ਸਮਾਪਤ ਕੀਤਾ ਗਿਆ।
ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਧਰਨੇ ਦੌਰਾਨ ਹਾਜ਼ਰੀ ਭਰਨ ਵਾਲੀਆਂ ਕਿਸਾਨ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਦਲੀਲਾਂ ਸਹਿਤ ਵਰਣਨ ਕੀਤਾ ਕਿ ਜੋ ਬਾਰਸ਼ਾਂ ਦੌਰਾਨ ਨੁਕਸਾਨ ਹੋਇਆ ਹੈ ਉਹ ਅਸਲ ਵਿੱਚ ਅੱਜ ਤੱਕ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਜੁੰਮੇਵਾਰ ਹਨ।
ਪਹਾੜਾਂ ਉੱਪਰੋਂ ਇਕ ਦਮ ਪਾਣੀ ਪੰਜਾਬ ਵਿੱਚ ਡਿੱਗਣ ਦਾ ਕਾਰਣ ਹੈ ਠੇਕੇਦਾਰਾਂ ਵੱਲੋਂ ਦਰੱਖਤਾਂ ਦੀ ਗੈਰਕਾਨੂੰਨੀ ਕਟਾਈ, ਵਿਕਾਸ ਦੇ ਨਾਮ ਉੱਪਰ ਕੀਤੀਆਂ ਜਾਂਦੀਆਂ ਉਸਾਰੀਆਂ, ਪਾਣੀ ਦੇ ਵਹਿਣ ਉੱਪਰ ਰਸੂਖ ਦਾਰਾ ਵੱਲੋਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੀਤੇ ਕਬਜ਼ੇ, ਪੰਜਾਬ ਉੱਪਰ ਮੜੀ ਝੋਨੇ ਦੀ ਫਸਲ ਅਤੇ ਸਮੇਂ ਸਿਰ ਫੰਡਾ ਦਾ ਜਾਰੀ ਨਾ ਹੋਣ ਕਾਰਣ ਡਰੇਨਾਂ ਆਦਿ ਦੀ ਸਫਾਈ ਨਾ ਹੋਣਾ , ਗੈਰਕਾਨੂੰਨੀ ਰੇਤ ਬਜਰੀ ਆਦਿ ਦਾ ਕੱਢਿਆ ਜਾਣਾ ਆਦਿ ਜੁੰਮੇਵਾਰ ਹੈ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਦੇਵ ਸਿੰਘ ਸੰਧੂ, ਕੁੱਲ ਹਿੰਦ ਕਿਸਾਨ ਸਭਾ(ਹਨਨ ਮੁਲਾਂ) ਦੇ ਬਲਜੀਤ ਸਿੰਘ ਗਰੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ (1936) ਦੇ ਜੱਸਵੀਰ ਸਿੰਘ ਝੱਜ, ਬੀ ਕੇ ਯੂ(ਧੰਨੇਰ) ਦੇ ਗੁਰਮੇਲ ਸਿੰਘ ਭਰੋਵਾਲ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਜਸਦੇਵ ਸਿੰਘ ਲਲਤੋਂ, ਬੀ ਕੇ ਯੂ (ਬੁਰਜ ਗਲ) ਦੇ ਹਰਚੰਦ ਸਿੰਘ ਢੋਲਣ ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਕਰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਹਰਨੇਕ ਸਿੰਘ ਗੁੱਜਰਵਾਲ, ਦੁਆਬਾ ਕਿਸਾਨ ਯੂਨੀਅਨ ਦੇ ਜਸਪ੍ਰੀਤ ਸਿੰਘ ਢੱਟ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜਿਂਮੇਵਾਰੀ ਬਲਦੇਵ ਸਿੰਘ ਲਤਾਲਾ ਨੇ ਨਿਭਾਈ।