ਜਗਰਾਓਂ, 16 ਫਰਵਰੀ ( ਮੋਹਿਤ ਜੈਨ )-ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਜਿਥੇ ਦੇਸ਼ ਭਰ ਦੇ ਆਮ ਲੋਕਾਂ ਨੇ ਉਤਸਾਹ ਨਾਲ ਭਾਗ ਲਿਆ ਉਥੇ ਨੌਜਵਾਨ ਵਰਗ ਵੀ ਰਾਹੁਲ ਗਾਂਧੀ ਦੀਆਂ ਨੀਤੀਆਂ ਨਾਲ ਸਹਿਮਤ ਹੁੰਦਾ ਹੋਇਆ ਕਾਂਗਰਸ ਨਾਲ ਜੁੜਿਆ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਗਈ ਭਾਰਤ ਜੋੜੋ ਯਾਤਰਾ ’ਚ ਕਾਂਗਰਸ ਨੂੰ ਹਰ ਪਾਸੇ ਤੋਂ ਮਾਨ ਸਨਮਾਨ ਮਿਲਿਆ। ਦੇਸ਼ ਦੇ ਨੌਜਵਾਨ ਵੱਡੇ ਪੱਧਰ ’ਤੇ ਰਾਹੁਲ ਗਾਂਧੀ ਦੀ ਸੋਚ ਦੇ ਨਾਲ ਖੜ੍ਹੇ ਹਨ। ਇਸ ਦੀ ਮਿਸਾਲ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਦੀ ਸਫਲਤਾ ਪੂਰਵਕ ਸਮਾਪਤੀ ਤੋਂ ਬਾਅਦ ਰਾਹੁਲ ਗਾਂਧੀ ਵਲੋਂ ਸ੍ਰੀਨਗਰ ਦੇਂ ਗੁਲਮਰਗ ਵਿਚ ਕੀਤੇ ਗਏ ਦੌਰੇ ਤੋਂ ਮਿਲਦੀ ਹੈ। ਜਿੱਥੇ ਲਾਅ ਦੇ ਵਿਦਿਆਰਥੀ ਰਾਹੁਲ ਗਾਂਧੀ ਦੀਆਂ ਨੀਤੀਆਂ ਅਤੇ ਸੋਚ ਤੋਂ ਪ੍ਰਭਾਵਿਤ ਹੋ ਕੇ ਜ਼ਾਹਨਸੀਬ ਅਲਕਾਬੰਦ ਅਤੇ ਮੋਹਸਨ ਮੀਰ ਵਲੋਂ ਆਪਣੇ ਸਾਥੀਆਂ ਸਮੇਤ ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਪਹੁੰਚੇ। ਇਨ੍ਹਾਂ ਦੋਵਾਂ ਨੌਜਵਾਨ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ, ਸ੍ਰੀਨਗਰ ਆਉਣ ਕਾਰਨ ਸਾਡਾ ਆਵਾਮ ਬੇ-ਹੱਦ ਖੁਸ਼ ਹੈ ਕਿ ਕੋਈ ਤਾਂ ਹੈ ਜੋ ਸਾਡੇ ਆਵਾਮ ਦੀ ਬਾਂਹ ਫੜਣ ਲਈ ਅੱਗੇ ਆਇਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੈਪਸੂ ਰੋਡਵੇਜ਼ ਪੰਜਾਬ ਦੇ ਚੇਅਰਮੈਨ ਪੁਰਸ਼ੋਤਮ ਲਾਲ ਖਲੀਫਾ ਨੇ ਕਿਹਾ ਕਿ ਦੋਵੇਂ ਨੌਜਵਾਨ ਆਗੂਆਂ ਵਲੋਂ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਅੱਗੇ ਵਧ ਕੇ ਕੰਮ ਕੀਤਾ। ਅਜਿਹੇ ਪੜ੍ਹੇ ਲਿਖੇ ਨੌਜਵਾਨਾਂ ਦਾ ਕਾਂਗਰਸ ਨਾਲ ਜੁੜਣਾ ਪਾਰਟੀ ਦੇ ਸੁਨਿਹਰੀ ਭਵਿੱਖ ਦੀ ਨਿਸ਼ਾਨੀ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਵੀ ਨੌਜਵਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਜੋ ਦੇਸ਼ ਦੇ ਭਲੇ ਲਈ ਹੀ ਕੰਮ ਕਰਦੀ ਆਈ ਹੈ ਅਤੇ ਕਰਦੀ ਰਹੇਗੀ।

