ਗੁਰਦਾਸਪੁਰ,(ਅਸ਼ਵਨੀ): ਦੇਸ਼ ਦੀਆਂ ਵੱਖ-ਵੱਖ ਜ਼ੇਲਾਂ ਵਿੱਚ ਨਜ਼ਰਬੰਦ ਅਨੇਕਾਂ ਸਿੱਖ ਕੈਦੀਆਂ ਵਲੋਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਨੀ ਰਿਹਾਅ ਨਾ ਕਰਕੇ ਸਿੱਖਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਜੋ ਕਿ ਦੇਸ਼ ਹਿੱਤ ਵਿੱਚ ਨਹੀਂ ਹੈ।ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਦਾ ਕਰਵਾਇਆ ਜਾ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਤਪਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਿਖੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਰੰਭੀ ਦਸਤਖਤੀ ਮੁਹਿੰਮ ਮੌਕੇ ਕਾਰ ਸੇਵਾ ਮੁੱਖੀ ਬਾਬਾ ਅਮਰੀਕ ਸਿੰਘ ਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਸਾਂਝੇ ਤੌਰ ‘ਤੇ ਕੀਤਾ।ਉਹਨਾਂ ਕਿਹਾ ਕਿ ਦੇਸ਼ ਦੇ ਕਾਨੂੰਨ ਅਨੁਸਾਰ ਹੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ, ਪਰ ਉਸ ਦੇ ਕਾਤਲ ਰਿਹਾਅ ਕਰ ਦਿੱਤੇ ਗਏ ਹਨ, ਫਿਰ ਬਿਲਕਿਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਗੁਜਰਾਤ ਸਰਕਾਰ ਵਲੋਂ ਰਿਹਾਅ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਦੀ ਤਾਜ਼ਾ ਮਿਸਾਲ ਬਲਾਤਕਾਰੀ ਸਾਧ ਰਾਮ ਰਹੀਮ ਤੀਸਰੀ ਵਾਰ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੈਰੋਲ ‘ਤੇ ਐਸ਼ਪ੍ਰਸਤੀ ਵਾਲੀ ਜਿੰਦਗੀ ਬਤੀਤ ਕਰ ਰਿਹਾ ਹੈ, ਪਰ ਦੂਜੇ ਪਾਸੇ ਆਪਣੀਆਂ ਕਾਨੂੰਨੀ ਤੌਰ ‘ਤੇ ਸਜ਼ਾਵਾਂ ਪੂਰੀਆਂ ਕਰਨ ਲੈਣ ‘ਤੇ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸ਼ਰੇਆਮ ਗੁਲਾਮੀ ਦਾ ਅਹਿਸਾਸ ਕਰਵਾਉਣਾ ਹੈ। ਬਾਬਾ ਅਮਰੀਕ ਸਿੰਘ ਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਕ ਪਾਸੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਸੀਬੀਆਈ ਅਦਾਲਤਾਂ ਵਲੋਂ ਉਮਰ ਕੈਦ ਦੀਆਂ ਸਜ਼ਾਵਾਂ ਹੋਣ ਤੋਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਹੈ, ਪਰ ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 2019 ਵਿੱਚ ਕੁਝ ਬੰਦੀ ਸਿੰਘਾਂ ਦੀ ਰਿਹਾਈ ਲਈ ਐਲਾਨ ਕਰਕੇ ਖੁਦ ਹੀ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ, ਜੋ ਕਿ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੈ, ਜਿਸ ਨਾਲ ਸਿੱਖ ਕੌਮ ਅੰਦਰ ਵੱਡੀ ਨਿਰਾਸ਼ਤਾ ‘ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜੋ ਕਿ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਇਸ ਮੌਕੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ, ਬਾਬਾ ਤਰਨਜੀਤ ਸਿੰਘ ਖਾਲਸਾ ਸਮੇਤ 2000 ਦੇ ਕਰੀਬ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਵਲੋਂ ਆਰੰਭੀ ਲਹਿਰ ਦਾ ਹਿੱਸਾ ਬਣਦਿਆਂ ਵੱਖ-ਵੱਖ ਜ਼ੇਲਾਂ ‘ਚ ਬੰਦ ਸਿੰਘਾਂ ਨੂੰ ਰਿਹਾਅ ਕਰਨ ਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਹਰਸੁਖਮਨ ਸਿੰਘ ਖਾਲਸਾ, ਕ੍ਰਿਪਾਲ ਸਿੰਘ ਢੀਂਡਸਾ,ਕਿਰਨਦੀਪ ਸਿੰਘ,ਗੁਰਪ੍ਰਰੀਤ ਸਿੰਘ,ਸੁਖਬੀਰ ਸਿੰਘ,ਮਨਮੀਤ ਸਿੰਘ,ਵਿਸ਼ਾਲ ਸਿੰਘ,ਅਜੈਪਾਲ ਸਿੰਘ, ਸਿਮਰਨਜੋਤ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਬਚਨ ਸਿੰਘ, ਗੁਰਸਾਹਿਬ ਸਿੰਘ ਆਦਿ ਹਾਜ਼ਰ ਸਨ।
