ਚੰਡੀਗੜ੍ਹ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਪੰਜਾਬੀ ਸੰਗੀਤ ਦੀ ਪ੍ਰਸ਼ੰਸਕ ਹੈ। ਸਿਰਫ਼ ਸੰਗੀਤ ਹੀ ਨਹੀਂ ਸਗੋਂ ਪੰਜਾਬੀ ਫ਼ਿਲਮਾਂ ਦਾ ਜਾਦੂ ਵੀ ਹੌਲੀ-ਹੌਲੀ ਚਾਰੇ ਪਾਸੇ ਫੈਲ ਰਿਹਾ ਹੈ। ਪੰਜਾਬੀ ਸੰਗੀਤ ਅਤੇ ਫਿਲਮਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਜਲਦ ਹੀ ਪੰਜਾਬ ‘ਚ ਫਿਲਮ ਸਿਟੀ ਬਣਨ ਜਾ ਰਹੀ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਪੰਜਾਬ ਵਿੱਚ ਇੱਕ ਵੱਡੀ ਫਿਲਮ ਸਿਟੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ।ਭਗਵੰਤ ਮਾਨ ਇਸ ਸਮੇਂ ਮੁੰਬਈ ‘ਚ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਪੰਜਾਬ ‘ਚ ਫਿਲਮ ਸਿਟੀ ਬਣਾਉਣ ਦੀ ਇੱਛਾ ਪ੍ਰਗਟਾਈ ਹੈ।ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਸੰਗੀਤ ਅਤੇ ਫਿਲਮਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਸੂਬੇ ਵਿੱਚ ਫਿਲਮ ਸਿਟੀ ਦੀ ਲੋੜ ਹੈ। ਇਸ ਨਾਲ ਸਾਡੇ ਨੌਜਵਾਨਾਂ ਨੂੰ ਕਰੀਅਰ ਬਣਾਉਣ ਦਾ ਨਵਾਂ ਮੌਕਾ ਮਿਲੇਗਾ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਵਿੱਚ ਕਿਹਾ ਕਿ ਉਹ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਨੂੰ ਜੋੜਨਾ ਚਾਹੁੰਦੇ ਹਨ। ਭਗਵੰਤ ਮਾਨ ਨੇ ਕਿਹਾ, “ਅਸੀਂ ਪੰਜਾਬ ਵਿੱਚ ਇੱਕ ਵੱਡਾ ਫਿਲਮ ਸਿਟੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਮੈਂ ਮੁੰਬਈ ਦੇ ਫਿਲਮ ਸਟੂਡੀਓਜ਼ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਵਿੱਚ ਵੀ ਆਪਣੇ ਸਟੂਡੀਓ ਸਥਾਪਤ ਕਰਨ। ਮੈਂ ਇੱਥੇ ਪੰਜਾਬੀ ਸਿਨੇਮਾ ਇੰਡਸਟਰੀ ਅਤੇ ਬਾਲੀਵੁੱਡ ਨੂੰ ਜੋੜਨ ਲਈ ਆਇਆ ਹਾਂ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੋ ਦਿਨਾ ਦੌਰੇ ਦੌਰਾਨ ਮੁੰਬਈ ਵਿੱਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਨਾਲ ਪੰਜਾਬ ਵਿੱਚ ਨਿਵੇਸ਼ ਅਤੇ ਇੱਥੋਂ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਨਿਵੇਸ਼ ਨੀਤੀਆਂ ਤੋਂ ਜਾਣੂ ਕਰਵਾਉਣਗੇ।