ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਪੰਜਾਬ ਵਿੱਚ ਗੈਂਗਸਟਰ ਕਲਚਰ ਅਚਾਨਕ ਉੱਭਰ ਕੇ ਸਾਹਮਣੇ ਦਿਖਾਈ ਦੇ ਰਿਹਾ ਹੈ। ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਅਤੇ ਅੱਤਵਾਦੀ ਇਕ ਦਮ ਫਿਰ ਤੋਂ ਸਰਗਰਮ ਹੋ ਗਏ। ਪੰਜਾਬ ’ਚ ਵਾਪਰ ਰਹੀਆਂ ਘਟਨਾਵਾਂ ’ਚ ਜ਼ਿਆਦਾਤਰ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ’ਚ ਨਜ਼ਰਬੰਦ ਅਪਰਾਧੀਆਂ ਦੇ ਨਾਂ ਹੁਣ ਅਚਾਨਮਕ ਚਰਚਾ ਵਿਚ ਆਉਣ ਲੱਗ ਪਏ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਜਿੱਥੇ ਮਸ਼ਹੂਰ ਅਤੇ ਚਪਚਿਤ ਵਿਅਕਤੀਆਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਹਨ ਅਤੇ ਰੋਜਾਨਾ ਹੀ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਨਾਮ ਹੇਠ ਇੰਟਰਨੈਟ ਕਾਲ ਜਾਂ ਵਟਸਐਪ ਰਾਹੀਂ ਕਾਲ ਕਰਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨਿੱਤ ਸਾਹਮਣੇ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਰੂਪ ਚੰਦ ਸਿੰਗਲਾ ਨੇ ਵੀ ਉਸਨੂੰ ਕਤਲ ਕਰਨ ਦੀ ਧਮਕੀ ਆਉਣ ਦਾ ਖੁਲਾਸਾ ਕੀਤਾ ਹੈ। ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਹ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਅਜਿਹਾ ਕੀ ਹੋ ਗਿਆ ਹੈ ਕਿ ਇਹ ਲੋਕ ਅਚਾਨਕ ਹੀ ਇੰਨੇ ਸਰਗਰਮ ਹੋ ਗਏ ਹਨ ਅਤੇ ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਤੋਂ ਫਿਰੌਤੀ ਮੰਗ ਰਹੇ ਹਨ। ਇਸ ਵਿੱਚ ਅਹਿਮ ਗੱਲ ਇਹ ਹੈ ਕਿ ਉਹ ਫੋਨ ਕਾਲਾਂ ਵੀ ਵਿਦੇਸ਼ੀ ਨੰਬਰਾਂ ਤੋਂ ਹੀ ਆ ਰਹੀਆਂ ਹਨ। ਅਜਿਹਾ ਨਹੀਂ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ, ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫੜਿਆ ਨਹੀਂ ਗਿਆ। ਪੁਲਿਸ ਵਲੋਂ ਅਜਿਹੇ ਲੋਕਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇੰਨੀ ਤੇਜ਼ੀ ਨਾਲ ਇੰਨੀ ਵੱਡੀ ਪੱਧਰ ’ਤੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਹਰ ਕਿਸੇ ਦੇ ਮਨ ’ਚ ਸਵਾਲ ਉੱਠਦਾ ਹੈ ਕਿ ਇਹ ਕਿਸੇ ਸਾਜ਼ਿਸ਼ ਦਾ ਨਤੀਜਾ ਨਹੀਂ ਹੈ ? ਕੀ ਪੰਜਾਬ ’ਚ ਕਾਨੂੰਨ ਵਿਵਸਥਾ ਬੇਕਾਬੂ ਦਿਖਾ ਕੇ ਸਰਕਾਰ ਨੂੰ ਬਰਖਾਸਤ ਕਰਨ ਦੀ ਯੋਜਨਾ ਵੱਲ ਨੂੰ ਤਾਂ ਕੰਮ ਨਹੀਂ ਕੀਤਾ ਜਾ ਰਿਹਾ ? ਅਜਿਹੀ ਨਾਜੁਕ ਸਥਿਤੀ ਦਿਖਾ ਕੇ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਲਈ ਕਦਮ ਤਾਂ ਨਹੀਂ ਚੁੱਕੇ ਜਾ ਰਹੇ । ਇਸ ਸਮੇਂ ਦੇਸ਼ ’ਚ ਸਿਆਸੀ ਪੱਧਰ ਹੁਣ ਇਸ ਹੱਦ ਤੱਕ ਹੇਠਾਂ ਆ ਗਿਆ ਹੈ ਕਿ ਰਾਜਨੀਤੀ ’ਚ ਕੋਈ ਵੀ ਲਾਭ ਹਾਸਿਲ ਕਰਨ ਲਈ ਰਾਜਨੀਤਿਕ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਸ ਲਈ ਉਨ੍ਹਾਂ ਦੀ ਨਜ਼ਰ ਵਿਚ ਆਮ ਆਦਮਨੀ ਦੀ ਕੋਈ ਵੀ ਹੈਸੀਅਤ ਜਾਂ ਕੀਮਤ ਨਹੀਂ ਹੁੰਦੀ। ਇਸ ਲਈ ਸਿਆਸੀ ਲਾਹਾ ਹਾਸਿਲ ਕਰਨ ਲਈ ਸਿਆਸੀ ਲੋਕਾਂ ਵਲੋਂ ਕੀਤੀਆਂ ਗਈਆਂ ਕਾਰਵਾਈਆਂ ਵਿੱਚ ਉਦਹਾਰਣਾ ਦੇਖੀਆਂ ਜਾ ਸਕਦੀਆਂ ਹਨ। ਪੰਜਾਬ ਨੇ ਅੱਤਵਾਦ ਦੇ ਦੌਰ ਦੀ ਪੀੜਾ ਨੂੰ ਲੰਮੇ ਸਮੇਂ ਤੱਕ ਆਪਣੇ ਪਿੰਡੇ ਤੇ ਹੰਢਾਇਆ ਹੈ। ਉਸ ਸਮੇਂ ਦੇ ਹਾਲਾਤਾਂ ਨਾਲ ਪੰਜਾਬ ਹਰ ਪੱਖ ਤੋਂ ਇੰਨਾ ਪਛੜ ਗਿਆ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਪੰਜਾਬ ਦੇ ਲੋਕਾਂ ਦੀ ਮਿਹਨਤ ਅਤੇ ਦ੍ਰਿੜ ਇੱਛਾ ਸ਼ਕਤੀ ਕਾਰਨ ਪੰਜਾਬ ਭਾਵੇਂ ਇਕ ਵਾਰ ਜਲਦੀ ਹੀ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ, ਪਰ ਨੁਕਸਾਨ ਜੋ ਕਿ ਅੱਤਵਾਦ ਦੇ ਸਮੇਂ ਦੌਰਾਨ ਹੋਇਆ ਉਸਦੀ ਭਰਪਾਈ ਲਈ ਪੰਜਾਬ ਦੀ ਸਹਾਇਤਾ ਕਰਨ ਦੀ ਬਜਾਏ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਲੜੀ ਗਈ ਲੜਾਈ ਤੇ ਹੋਇਆ ਖਰਚ ਵੀ ਕੇਂਦਰ ਸਰਕਾਰਾਂ ਪੰਜਾਬ ਤੋਂ ਵਸੂਲ ਕਰਦੀਆਂ ਆ ਰਹੀਆਂ ਹਨ। ਉਸ ਸਮੇਂ ਦੇ ਕਰਜ ਦੀ ਪੰਡ ਹੁਣ ਇੰਨੀ ਭਾਰੀ ਹੋ ਚੁੱਕੀ ਹੈ ਕਿ ਉਸ ਕਰਜੇ ਦੇ ਵਿਆਜ਼ ਦੀ ਕਿਸ਼ਤ ਉਤਾਰਣ ਲਈ ਵੀ ਹੋਰ ਨਵਾਂ ਕਰਜਾ ਲੈਣਾ ਪੈ ਰਿਹਾ ਹੈ। ਇਸ ਲਈ ਜੇਕਰ ਸੱਚਮੁੱਚ ਪੰਜਾਬ ਦੀ ਸਥਿਤੀ ਵਿਗੜ ਰਹੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਚਰਮਰਾ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਨਜਿੱਠਣਾ ਚਾਹੀਦਾ ਹੈ। ਹਾਂ ! ਜੇਕਰ ਪੰਜਾਬ ਨੂੰ ਕਿਸੇ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਉਹ ਵੀ ਬੇਨਕਾਬ ਹੋਣਾ ਚਾਹੀਦਾ ਹੈੈ ਕਿਉਂਕਿ ਹੁਣ ਪੰਜਾਬ ਵਿੱਚ ਕੋਈ ਨਹੀਂ ਚਾਹੇਗਾ ਕਿ ਮੁੜ ਤੋਂ ਪੰਜਾਬ ਦੇ ਮਾੜੇ ਹਾਲਾਤ ਹੋਣ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਦਿਖਾ ਕੇ ਪੰਜਾਬ ਦੀ ਦਿਖ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖਰਾਬ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਦੀ ਸਥਿਤੀ ਨੂੰ ਲੈ ਕੇ ਅਜਿਹਾ ਭੰਬਲਭੂਸਾ ਪੈਦਾ ਹੋਵੇਗਾ ਤਾਂ ਬਾਹਰਲੇ ਰਾਜਾਂ ਜਾਂ ਵਿਦੇਸ਼ਾਂ ਦੀ ਕੋਈ ਵੀ ਵੱਡੀ ਕੰਪਨੀ ਪੰਜਾਬ ਵਿੱਚ ਪੈਸਾ ਨਹੀਂ ਲਗਾਵੇਗੀ। ਉਲਟਾ ਜਿਹੜੇ ਉਦਯੋੋਗਤੀਆਂ ਨੇ ਪੰਜਾਬ ਵਿਚ ਨਿਵੇਸ਼ ਕੀਤਾ ਹੈ, ਉਹ ਵੀ ਆਪਣੇ ਹੱਥ ਖਿੱਚ ਸਕਦੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਇਨ੍ਹਾਂ ਸਾਰੇ ਪਹਿਲੂਆਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜਲਦੀ ਤੋਂ ਜਲਦੀ ਅਸਲ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ।
ਹਰਵਿੰਦਰ ਸਿੰਘ ਸੱਗੂ ।