ਫਤਹਿਗੜ੍ਹ ਸਾਹਿਬ,03 ਨਵੰਬਰ: ( ਰਾਜਨ ਜੈਨ, ਰੋਹਿਤ ਗੋਇਲ) -ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਮੇਂ ਦੇ ਹਾਣੀ ਸਿਖਿਆ ਦੇਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਜ਼ਿਲ੍ਹੇ ਦੇ 3 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੀਆਂ ਲੈਬੋਰਟਰੀਆਂ ਬਨਾਉਣ ਲਈ 52 ਲੱਖ 57 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਮਿਸ ਅਨੁਪਿਰਤਾ ਜੌਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਦਸਿਆ ਕਿ ਜ਼ਿਲ੍ਹੇ ਦੇ 657 ਸਕੂਲਾਂ ਨੂੰ ਇਨਰੋਲਮੈਂਟ ਦੇ ਅਧਾਰ ਤੇ ਖੇਡਾਂ ਦਾ ਸਮਾਨ, ਇਮਾਰਤਾਂ ਦੀ ਮੁਰੰਮਤ ਅਤੇ ਪਾਖਾਨਿਆਂ ਦੇ ਸੁਧਾਰ ਲਈ 57 ਲੱਖ 25 ਹਜ਼ਾਰ ਰੁਪਏ ਮੁਹੱਈਆ ਕਰਵਾਏ ਗਏ ਹਨ। ਉਹਨਾਂ ਇਹ ਵੀ ਦਸਿਆ ਕਿ ਨਬਾਰਡ ਸਕੀਮ ਅਧੀਨ ਜ਼ਿਲ੍ਹੇ ਦੇ 5 ਸਕੂਲਾਂ ਨੂੰ ਵਾਧੂ ਕਮਰੇ ਬਨਾਉਣ ਲਈ 31 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਦਸਿਆ ਕਿ 5 ਸਕੂਲਾਂ ਵਿੱਚ ਖੇਡ ਮੈਦਾਨ ਤਿਆਰ ਕਰਨ ਲਈ ਲੱਖ 73 ਹਜ਼ਾਰ ਰੁਪਏ ਮੁਹੱਈਆ ਕਰਵਾਏ ਗਏ ਹਨ। ਉਹਨਾਂ ਇਹ ਵੀ ਦਸਿਆ ਕਿ ਜ਼ਿਲ੍ਹੇ ਵਿੱਚ ਮਿਡ ਡੇ ਮੀਲ ਸਕੀਮ ਬਹੁਤ ਹੀ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ ਜਿਸ ਅਧੀਨ 86.89 ਰੁਪਏ ਖਰਚ ਕੇ 440 ਪ੍ਰਾਇਮਰੀ ਸਕੂਲਾਂ ਦੇ 22781 ਅਤੇ 223 ਅਪਰ ਪ੍ਰਾਇਮਰੀ ਸਕੂਲਾਂ ਦੇ 13961 ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਮੈਡੀਕਲ ਅਫ਼ਸਰਾਂ ਵੱਲੋਂ 636 ਸਕੂਲਾਂ ਦੇ ਬੱਚਿਆਂ ਦੀ ਚੈਕਿੰਗ ਕੀਤੀ ਗਈ ਜਿਸ ਵਿਚੋਂ ਆਰ.ਬੀ.ਐਸ. ਕੇ ਅਧੀਨ ਕਵਰ ਕੀਤੀਆਂ ਜਾਣ ਵਾਲੀਆਂ ਬਿਮਾਰੀਆਂ ਦੇ 1017 ਬੱਚੇ ਮੁਫ਼ਤ ਇਲਾਜ ਵਾਸਤੇ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੇਵਾਵਾਂ ਵਿੱਚ ਰੈਫਰ ਕੀਤੇ ਗਏ। ਉਹਨਾਂ ਇਹ ਵੀ ਦਸਿਆ ਕਿ ਜਿਹੜੇ ਬੱਚਿਆਂ ਨੂੰ ਘੱਟ ਸੁਣਦਾ ਹੈ ਉਹਨਾਂ ਦੇ ਇਲਾਜ ਲਈ ਸਰਕਾਰ ਵੱਲੋਂ ਸਮਾਜਿਕ ਸੁਰਖਿਆ ਵਿਭਾਗ ਰਾਹੀਂ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾਇਆ ਜਾਂਦਾ ਹੈ।ਏ.ਡੀ.ਸੀ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਨਰੇਗਾ ਸਕੀਮ ਅਧੀਨ ਸਕੂਲਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਤਾਂ ਜੋ ਜਿਥੇ ਸਕੂਲ ਦੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਵਿੱਚ ਸਹਾਈ ਹੋਣਗੇ ਉਥੇ ਪੋਦਿਆਂ ਦੇ ਰੱਖ ਰਖਾਵ ਲਈ ਵਣਮਿੱਤਰ ਰੱਖੇ ਜਾ ਸਕਦੇ ਹਨ ਜਿਸ ਨਾਲ ਸਕੂਲ ਵਧੇਰੇ ਸਾਫ ਸੁਥਰੇ ਹੋਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਦਿਨੇਸ਼ ਵਸਿਸਟ, ਐਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਸ੍ਰ: ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ ਬਸੀ ਪਠਾਣਾ ਸ੍ਰੀ ਅਸ਼ੋਕ ਕੁਮਾਰ, ਐਸ.ਡੀ.ਐਮ ਖਮਾਣੌ ਪ੍ਰਲੀਨ ਕਾਲੇਕਾ, ਜ਼ਿਲ੍ਹਾ ਸਿਖਿਆ ਮੰਤਰੀ ਅਲੀਮੈਂਟਰੀ ਸ੍ਰ: ਬਲਜਿੰਦਰ ਸਿੰਘ, ਉਪ ਜ਼ਿਲ੍ਹਾ ਸਿਖਿਆ ਮੰਤਰੀ ਸ੍ਰ: ਸਮੇਸ਼ਰ ਸਿੰਘ, ਜ਼ਿਲ੍ਹਾ ਸਕੂਲ ਸਿਹਤ ਅਫ਼ਸਰ ਡਾ: ਨਵਨੀਤ ਕੌਰ ਤੋਂ ਇਲਾਵਾ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।
