ਜਗਰਾਉਂ, 20 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )–ਕਰੀਬ 9 ਮਹੀਨੇ ਪਹਿਲਾਂ ਵਿਆਹੀ ਨਵਵਿਵਾਹਿਤਾ ਦੀ ਉਸਦੇ ਸਹੁਰੇ ਪਰਿਵਾਰ ’ਚ ਸ਼ੱਕੀ ਹਾਲਤ ’ਚ ਮੌਤ ਹੋ ਜਾਣ ਕਾਰਨ ਮ੍ਰਿਤਕ ਲੜਕੀ ਦੇ ਪਿਤਾ ਗੁਰਬਖਸ਼ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਦੀ ਪੁਲਸ ਨੇ ਲੜਕੀ ਦੇ ਪਤੀ, ਪਿਤਾ ਸਮੇਤ ਸਹੁਰੇ ਪਰਿਵਾਰ ਦੇ ਮੈਂਬਰਾਂ ਖਿਲਾਫ ਧਾਰਾ 304 ਬੀ ਤਹਿਤ ਥਾਣਾ ਸਦਰ ਜਗਰਾਉਂ ਵਿੱਚ ਮਾਮਲਾ ਦਰਜ ਕੀਤਾ ਗਿਆ। ਪੁਲੀਸ ਚੌਕੀ ਗਾਲਿਬ ਕਲਾ ਦੇ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਗੁਰਬਖਸ਼ ਸਿੰਘ ਵਾਸੀ ਨਿਊ ਜਨਤਾ ਨਗਰ, ਲੁਧਿਆਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਲੜਕੀ ਲਵਪ੍ਰੀਤ ਕੌਰ ਦਾ ਵਿਆਹ ਸੀ। ਜੂਨ 2022 ਵਿੱਚ ਗੁਰਿੰਦਰ ਸਿੰਘ ਨੂੰ ਪਿੰਡ ਸ਼ੇਰਪੁਰ ਕਲਾ ਨਾਲ ਹੋਇਆ ਸੀ। ਉਸ ਸਮੇਂ ਅਸੀਂ ਆਪਣੀ ਲੜਕੀ ਨੂੰ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ ਪਰ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਸਾਡੇ ਵੱਲੋਂ ਦਿੱਤੇ ਗਏ ਦਾਜ ਤੋਂ ਖੁਸ਼ ਨਹੀਂ ਸੀ ਅਤੇ ਉਸ ਦਾ ਪਤੀ ਗੁਰਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਸਾਡੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ। ਹੋਰ ਦਾਜ ਲਿਆਉਣ ਲਈ ਮਜਬੂਰ ਕਰਦਾ ਸੀ। ਸਾਡੀ ਲੜਕੀ ਦੇ ਪਤੀ ਅਤੇ ਸਹੁਰੇ ਵਾਲੇ ਉਸ ਨੂੰ ਪਹਿਲਾਂ ਵੀ ਕਈ ਵਾਰ ਤੰਗ ਪ੍ਰੇਸ਼ਾਨ ਕਰ ਕੇ ਸਾਡੇ ਕੋਲ ਭੇਜ ਚੁੱਕੇ ਹਨ। ਜਿਸ ’ਤੇ ਅਸੀਂ ਉਸ ਨੂੰ ਮਿੰਨਤਾਂ ਤਰਲੇ ਕਰਕੇ ਉਸਦੇ ਸਹੁਰੇ ਵਾਪਸ ਛੱਡ ਦਿੰਦੇ ਸੀ ਕਿ ਸ਼ਾਇਦ ਸਮੇਂ ਅਨੁਸਾਰ ਸਭ ਕੁਝ ਠੀਕ ਹੋ ਜਾਵੇਗਾ। ਸਾਡੀ ਲੜਕੀ ਦੀ ਨਣਦ ਗੁੱਗੂ ਜੋਕੀ ਪਿੰਡ ਮਟਵਾਨੀ ਵਿਖੇ ਵਿਆਹੀ ਹੋਈ ਹੈ ਉਹ ਉਨ੍ਹਾਂ ਦੇ ਘਰ ਜਿਆਦਾ ਦਖਲਅੰਦਾਜੀ ਕਰਦੀ ਸੀ, 18 ਅਪ੍ਰੈਲ ਨੂੰ ਦੁਪਹਿਰ 3 ਵਜੇ ਦੇ ਕਰੀਬ ਲੜਕੀ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਕਿਹਾ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਦੀ ਦਾਜ ਲਈ ਕੁੱਟਮਾਰ ਕਰਦੇ ਹਨ। ਜਿਸ ’ਤੇ ਮੇਰੀ ਪਤਨੀ ਨੇ ਉਸ ਨੂੰ ਕਿਹਾ ਕਿ ਅਸੀਂ ਤੁਹਾਡੇ ਕੋਲ ਆ ਕੇ ਉਨ੍ਹਾਂ ਨਾਲ ਗੱਲ ਕਰਾਂਗੇ। ਇਸ ਤੋਂ ਬਾਅਦ ਰਾਤ ਕਰੀਬ 8.30 ਵਜੇ ਲੜਕੀ ਦੇ ਚਾਚੇ ਸਹੁਰੇ ਦੇ ਲੜਕੇ ਗੋਲੂ ਨੇ ਸਾਨੂੰ ਫੋਨ ਕਰਕੇ ਕਿਹਾ ਕਿ ਲਵਪ੍ਰੀਤ ਕੌਰ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਘੱਟ ਹੋ ਗਿਆ ਹੈ। ਅਸੀਂ ਉਸ ਨੂੰ ਜਗਰਾਉਂ ਦੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਸੀ ਪਰ ਉਥੋਂ ਉਸ ਨੂੰ ਜਵਾਬ ਦੇ ਦਿੱਤਾ ਗਿਆ। ਅਸੀਂ ਉਸ ਨੂੰ ਗਲੋਬਲ ਹਸਪਤਾਲ ਲੁਧਿਆਣਾ ਲੈ ਕੇ ਆ ਰਹੇ ਹਾਂ, ਤੁਸੀਂ ਉੱਥੇ ਆ ਜਾਓ। ਜਦੋਂ ਉਹ ਲੋਕ ਸਾਡੀ ਲੜਕੀ ਲਵਪ੍ਰੀਤ ਕੌਰ ਨੂੰ ਉੱਥੇ ਲੈ ਕੇ ਆਏ ਤਾਂ ਚੈੱਕਅਪ ਕਰਨ ਉਪਰੰਤ ਡਾਕਟਰ ਨੇ ਕਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਸ਼ਿਕਾਇਤਕਰਤਾ ਗੁਰਬਖ਼ਸ਼ ਸਿੰਘ ਨੇ ਦੋਸ਼ ਲਾਇਆ ਕਿ ਲਵਪ੍ਰੀਤ ਦੀ ਮੌਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਨਹੀਂ ਹੋਈ, ਸਗੋਂ ਗੁਰਿੰਦਰ ਸਿੰਘ, ਉਸਦੇ ਪਿਤਾ, ਭਰਾ, ਚਾਚਾ, ਚਾਚੀ ਅਤੇ ਭੈਣ ਨਾਲ ਮਿਲ ਕੇ ਸਾਡੀ ਲੜਕੀ ਦੀ ਕੁੱਟਮਾਰ ਕੀਤੀ। ਲੜਕੀ ਦੇ ਗਲੇ ’ਤੇ ਨਿਸ਼ਾਨ ਸਨ ਅਤੇ ਉਸ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ। ਉਨ੍ਹਾਂ ਨੇ ਦਾਜ ਲਈ ਸਾਡੀ ਲੜਕੀ ਦਾ ਕਤਲ ਕੀਤਾ ਹੈ। ਗੁਰਬਖਸ਼ ਸਿੰਘ ਦੀ ਸ਼ਿਕਾਇਤ ’ਤੇ ਮ੍ਰਿਤਕ ਲੜਕੀ ਦੇ ਪਤੀ ਗੁਰਿੰਦਰ ਸਿੰਘ, ਸਹੁਰਾ ਆਤਮਾ ਸਿੰਘ, ਜੇਠ ਯਾਦੂ , ਚਾਚਾ-ਸਹੁਰਾ ਬਖਤੌਰ ਸਿੰਘ, ਚਾਚੀ ਸੱਸ ਬਲਜੀਤ ਕੌਰ ਸਾਰੇ ਨਿਵਾਸੀ ਪਿੰਡ ਸ਼ੇਰੁਪਰ ਕਲਾਂ ਅਤੇ ਨਣਦ ਗੁੱਗੂ ਨਿਵਾਸੀ ਮਟਵਾਣੀ ਜਿਲਾ ਮੋਗਾ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।