ਪੰਜਾਬ ਦੇਸ਼ ਦੇ ਖੁਸ਼ਹਾਲ ਰਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੋਂ ਦੇ ਲੋਕ ਹਿੰਮਤੀ ਅਤੇ ਮਿਹਨਤੀ ਵਜੋਂ ਜਾਣੇ ਜਾਂਦੇ ਹਨ। ਜਿਸ ਤਰ੍ਹਾਂ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਹਾਲਾਤਾਂ ਬਣ ਰਹੇ ਹਨ ਉਹ ਆਉਣ ਵਾਲੇ ਕੁਝ ਸਾਲਾਂ ਵਿੱਚ ਪੰਜਾਬ ਦੇ ਮੂਲ ਨਿਵਾਸੀਆਂ ਲਈ ਵਧੀਆ ਨਹੀਂ ਸਾਬਿਤ ਹੋਣਗੇ। ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਨੌਜਵਾਨ ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ ਜਾ ਰਹੇ ਹਨ। ਇਸ ਸਮੇਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਬੱਚੇ ਵਿਦੇਸ਼ਾਂ ਵਿੱਚ ਬੈਠੇ ਹਨ ਅਤੇ ਇਹ ਸਿਲਸਿਲਾ ਰੁਕਣ ਵਾਲਾ ਨਹੀਂ ਹੈ ਅਤੇ ਬੱਚੇ ਪਹਿਲਾਂ ਨਾਲੋਂ ਵੱਧ ਵਿਦੇਸ਼ਾਂ ਨੂੰ ਜਾ ਰਹੇ ਹਨ। ਅਜਿਹਾ ਨਹੀਂ ਹੈ ਕਿ ਸਰਕਾਰਾਂ ਨੂੰ ਇਸ ਬਾਰੇ ਪਤਾ ਨਹੀਂ ਹੈ, ਪਰ ਇਹ ਪਤਾ ਹੋਣ ਦੇ ਬਾਵਜੂਦ ਵੀ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਅਤੇ ਵਰਤਮਾਨ ਸਰਕਾਰ ਵੀ ਉਸੇ ਅਜੰਡੇ ਤੇ ਕੰਮ ਕਰ ਰਹੀਆਂ ਹਨ। ਕਿਸੇ ਨੂੰ ਵੀ ਪੰਜਾਬ ਦੀ ਜਵਾਨੀ ਦੇ ਵਿਦੇਸ਼ਾਂ ਵਿਚ ਭੱਜਣ ਦੀ ਚਿੰਤਾ ਨਹੀਂ ਹੈ। ਇਹ ਗੱਲ ਜਰੂਰ ਹੈ ਕਿ ਅਖਬਾਰੀ ਸੁਰਖੀਆਂ ਵਿਚ ਭਾਸ਼ਣ ਬਾਜੀ ਜਰੂਰ ਇਸ ਮੁੱਦੇ ਨੂੰ ਲੈ ਕੇ ਹੁੰਦੀ ਰਹਿੰਦੀ ਹੈ। ਸਰਕਾਰੰ ਰੋਜਗਾਰ ਦੇ ਸਾਧਨ ਪੈਦਾ ਕਰਨ ਦੀ ਬਜਾਏ ਸਾਡੇ ਲੋਕਾਂ ਨੂੰ ਭਿੱਖਮੰਗੇ ਬਨਾਉਣ ਵੱਲ ਵਧੇਰੇ ਜੋਰ ਦੇ ਰਹੀਆਂ ਹਨ। ਸਰਕਾਰਾਂ ਵਲੋਂ ਮੁਫਤ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਸ ਨਾਲ ਪੰਜਾਬ ਦੇ ਮਿਹਨਤੀ ਮੂਲ ਨਿਵਾਸੀ ਜੋ ਕਿ ਖੇਤ ਮਜਦੂਰ ਸਨ, ਛੋਟੇ-ਮੋਟੇ ਕੰਮ ਜਿਵੇਂ ਰਿਕਸ਼ਾ, ਆਟੋ, ਸਬਜ਼ੀਆਂ, ਫਲ ਆਦਿ ਜਾਂ ਖੇਤਾਂ ਵਿੱਚ ਫ਼ਸਲ ਬੀਜਣ ਅਤੇ ਵੱਢਣ ਦਾ ਕੰਮ ਕਰਦੇ ਸਨ। ਸਾਲ ਵਿਚ ਉਸੇ 6 ਮਹੀਨੇ ਦੀ ਮਿਹਨਤ ਤੋਂ ਬਾਅਦ ਉਹ ਆਪਣੇ ਪਰਿਵਾਰ ਲਈ ਪੂਰੇ ਸਾਲ ਭਰ ਦੇ ਅਨਾਜ ਦਾ ਪ੍ਰਬੰਧ ਕਰ ਲੈਂਦੇ ਸਨ। ਉਹ ਸਾਰੇ ਲੋਕ ਕੰਮ ਛੱਡ ਕੇ ਵਿਹਲੇ ਬੈਠ ਗਏ ਹਨ। ਸਾਡੇ ਉਨ੍ਹਾਂ ਮਜਦੂਰਾਂ ਦੀ ਥਾਂ ਹੁਣ ਬਾਹਰੀ ਰਾਜਾਂ ਦੇ ਮਜਦੂਰਾਂ ਵਲੋਂ ਲੈ ਲਈ ਗਈ ਹੈ। ਰਿਕਸ਼ਾ, ਆਟੋ ਰਿਕਸ਼ਾ, ਰੇਹੜੀ, ਫੜ੍ਹੀ, ਸਬਜੀ, ਫਲ , ਘਰਾਂ ’ਚ ਮਿਸਤਰੀਆਂ ਨਾਲ ਦਿਹਾੜੀ ਕਰਨ ਦਾ ਕੰਮ ਹੋਵੇ ਜਾਂ ਰਾਜ ਮਿਸਤਰੀ ਦਾ ਕੰਮ, ਇਸ ਤੋਂ ਵੀ ਵੱਧ ਵੱਡੇ ਸ਼ਹਿਰਾਂ ’ਚ ਵੀ ਵੱਡੇ ਉਦਯੋਗਾਂ ਦੇ ਕੰਮ ਵਿਚ ਵੀ ਉੱਤਰ ਪ੍ਰਦੇਸ਼ ਬਿਹਾਰ ਦੇ ਮਜ਼ਦੂਰਾਂ ਨੇ ਆਪਣਾ ਅਧਿਕਾਰ ਸਥਾਪਿਤ ਕਰ ਲਿਆ ਹੈ। ਉਹ ਦਿਨ ਦੂਰ ਨਹੀਂ ਹੈ ਕਿ ਇਨ੍ਹਾਂ ਸੂਬਿਆਂ ਦੇ ਲੋਕ ਹੀ ਪੰਜਾਬ ਵਿਚ ਵੱਖ ਵੱਖ ਸਮੇਂ ਤੇ ਵੱਖ ਵੱਖ ਚੋਣਾਂ ਵਿਚ ਉਮੀਦਵਾਰ ਵਜੋਂ ਚੋਣ ਲੜਨਗੇ। ਪੰਜਾਬ ਦੇ ਮੂਲ ਨਿਵਾਸੀਆਂ ਨੂੰ ਸਾਡੀਆਂ ਸਰਕਾਰਾਂ ਨੇ ਮੁਫਤ ਅਨਾਜ, ਮੁਫਤ ਬਿਜਲੀ ਦੇ ਕੇ ਵਿਹਲੇ ਬਿਠਾ ਦਿਤਾ ਹੈ। ਸਾਰਾ ਮਜਦੂਰ ਵਰਗ ਕੰਮ ਛੱਡ ਚੁੱਕਾ ਹੈ ਅਤੇ ਮਹਿਲਾਵਾਂ ਘਰਾਂ ਦੇ ਕੰਮ ਕਰਦੀਆਂ ਹਨ। ਆਦਮੀ ਵਿਹਲੇ ਬੈਠ ਕੇ ਨਸ਼ੇ ਦਾ ਧੰਦਾ ਕਰਨ ਵੱਲ ਵਧ ਗਏ ਅਤੇ ਖੁਦ ਵੀ ਨਸ਼ੇ ਦੀ ਦਲ ਦਲ ਵਿਚ ਫਸ ਗਏ। ਸਰਕਾਰ ਮੁਫਤ ਅਨਾਜ ਦੇ ਕੇ ਰੁਜ਼ਗਾਰ ਦੇਣ ਦੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਜੇਕਰ ਸਾਡੇ ਪੰਜਾਬ ਦੇ ਮੂਲ ਨਿਵਾਸੀਆਂ ਕੋਲ ਕੰਮ ਹੈ ਤਾਂ ਮੁਫਤ ਦੀ ਸਹੂਲਤ ਦਾ ਕਿਸੇ ਨੂੰ ਸਾਰੋਕਾਰ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਵਾਸੀ ਸਵੈਮਾਨੀ ਹਨ। ਜਿਸ ਤਰ੍ਹਾਂ ਪੰਜਾਬ ਦੇ ਬੱਚੇ ਵਿਦੇਸ਼ਾਂ ਵਿਚ ਭੱਜ ਰਹੇ ਹਨ ਉਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਵੀ ਡਾਂਵਾਡੋਲ ਹੋ ਰਹੀ ਹੈ ਕਿਉਂਕਿ ਹਰ ਬੱਚਾ ਇਥੋਂ ਜਾਣ ਸਮੇਂ ਵਿਦੇਸ਼ ਦੀ ਧਰਤੀ ਲਈ 30 ਲੱਖ ਰੁਪਏ ਦਾ ਖਰਚ ਕਰਦਾ ਹੈ। ਭਾਵੇਂ ਅਸੀਂ ਕਿੰਨੇ ਵੀ ਪੜ੍ਹੇ-ਲਿਖੇ ਹਾਂ ਪਰ ਵਿਦੇਸ਼ਾਂ ਵਿੱਚ ਸਿਰਫ਼ ਮਜ਼ਦੂਰ ਹੀ ਹਾਂ। ਇਸ ਲਈ ਸਰਕਾਰਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਰੁਜ਼ਗਾਰ ਦੇ ਸਾਧਨ ਪੈਦਾ ਕਰਕੇ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਮੁਫ਼ਤ ਰਿਊੜੀਆਂ ਵੰਡਣ ਦੀ ਬਜਾਏ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਸਵੈ-ਮਾਣ ਵਾਲੀ ਜ਼ਿੰਦਗੀ ਜੀਅ ਸਕਣ।
ਹਰਵਿੰਦਰ ਸਿੰਘ ਸੱਗੂ।