ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ)-ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਤੋਂ ਕਿਸਾਨਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਕਾਰਨ ਨੁਕਸਾਨੀਆਂ ਫਸਲਾਂ ਦਾ ਸਰਕਾਰ ਵੱਲੋਂ ਦਿੱਤੇ ਗਏ ਮੁਆਵਜੇ ਤੋਂ ਵੀ ਕਿਸਾਨ ਖੁਸ਼ ਪਾਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਮੰਡੀਆ ਵਿੱਚ ਫਸਲ ਆਉਣ ਤੋਂ ਪਹਿਲਾਂ ਹੀ ਮੁਆਵਜੇ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕਣਕ ਤੇ ਕੱਟ ਲਗਾ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਲਗਾਏ ਗਏ ਕੱਟ ਦੀ ਆਪਣੀ ਪੱਧਰ ਤੇ ਭਰਪਾਈ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।ਅਨਾਜ ਮੰਡੀ ਸਰਹਿੰਦ ਤੇ ਚੁੰਨੀ ਵਿਖੇ ਆਪਣੀ ਫਸਲ ਵੇਚਣ ਲਈ ਆਏ ਪਿੰਡ ਲਾਹੌਰੀ ਕਲਾਂ ਦੇ ਕਿਸਾਨ ਜਰਨੈਲ ਸਿੰਘ, ਕ੍ਰਿਪਾਲ ਸਿੰਘ, ਪਿੰਡ ਸਿੱਧੂਪੁਰ ਦੇ ਰਣਧੀਰ ਸਿੰਘ ਅਤੇ ਪਿੰਡ ਸੈਂਪਲਾ ਦੇ ਅਵਤਾਰ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਮੰਡੀ ਵਿੱਚ ਫਸਲ ਆਉਣ ਉਪਰੰਤ ਫੌਰੀ ਤੌਰ ਤੇ ਫਸਲ ਦੀ ਸਫਾਈ ਕਰਕੇ ਉਸ ਦੀ ਬੋਲੀ ਕਰਵਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਮੰਡੀਆਂ ਵਿੱਚ ਜਿਅਦਾ ਦੇਰ ਬੈਠਣਾ ਨਹੀਂ ਪਿਆ।ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਕਾਰਨ ਜ਼ਿਲ੍ਹੇ ਵਿੱਚ ਫਸਲ ਦਾ ਜਿਆਦਾ ਨੁਕਸਾਨ ਨਹੀਂ ਹੋਇਆ ਅਤੇ ਉਨ੍ਹਾਂ ਦੀ ਫਸਲ ਦਾ ਝਾੜ ਵੀ ਵਧਿਆ ਹੈ। ਇਸ ਲਈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਆਵਜਾ ਰਾਸ਼ੀ ਲੈਣਾ ਨਹੀਂ ਚਾਹੁੰਦੇ।