ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ ( ਰਾਜਨ ਜੈਨ)-ਪੰਜਾਬ ਸਰਕਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਨਾਲ ਜੋੜਨ ਲਈ ਵੱਡੀ ਪੱਧਰ ਤੇ ਉਪਰਾਲੇ ਕਰ ਰਹੀ ਹੈ ਤਾਂ ਜੋ ਸਾਡੇ ਨੌਜਵਾਨ ਆਪਣੇ ਪੈਰ੍ਹਾਂ ਤੇ ਖੜੇ ਹੋ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਅਜੈ ਸਿੰਘ ਲਿਬੜਾ ਨੇ ਕੋਰਡੀਆ ਕਾਲਜ਼ ਸੰਘੋਲ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਗਏ ਸਵੈ ਰੋਜ਼ਗਾਰ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੀ ਜਵਾਨੀ ਨੂੰ ਸਹੀ ਰਾਹ ਤੇ ਤੋਰ ਕੇ ਵਿਕਸਤ ਪੰਜਾਬ ਸਿਰਜਿਆ ਜਾਵੇ ਕਿਉਂਕਿ ਨੌਜਵਾਨ ਸ਼ਕਤੀ ਬਹੁਤ ਵੱਡਾ ਹੌਂਸਲਾ ਰੱਖਦੀ ਹੈ ਜਿਸ ਨਾਲ ਦੇਸ਼ ਅਤੇ ਸੂਬੇ ਦਾ ਵੱਡੀ ਪੱਧਰ ਤੇ ਵਿਕਾਸ ਹੋ ਸਕਦਾ ਹੈ। ਲਿਬੜਾ ਨੇ ਕਿਹਾ ਕਿ ਸਰਕਾਰ ਵੱਲੋਂ ਸਵੈ ਰੋਜ਼ਗਾਰ ਲਈ ਕਈ ਅਹਿਮ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਡੀਆਂ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਹਨ। ਜਿਸ ਦਾ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿੱਚ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਜਿਸ ਨਾਲ ਸਾਡਾ ਸੂਬਾ ਦਿਨ ਦੂਣੀ ਰਾਤ ਚੋਗੁਣੀ ਤਰੱਕੀ ਕਰ ਰਿਹਾ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ । ਇਨ੍ਹਾਂ ਉਪਰਾਲਿਆਂ ਵਿੱਚ ਸਵੈ ਰੋਜ਼ਗਾਰ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਵੀ ਸ਼ਾਮਲ ਹੈ ਤਾਂ ਜੋ ਨੌਜਵਾਨ ਸਹੀ ਰਾਹ ਤੇ ਤੁਰ ਕੇ ਸੂਬੇ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਰੁਪਿੰਦਰ ਕੌਰ, ਕੋਰਡੀਆ ਗਰੁੱਪ ਦੇ ਚੇਅਰਮੈਨ ਦਲਜੀਤ ਸਿੰਘ ਰਾਣਾ, ਰਿਆਤ ਬਾਹਰਾ ਯੂਨੀਵਰਸਿਟੀ ਦੇ ਕੁਲਪਤੀ ਗੁਰਵਿੰਦਰ ਸਿੰਘ ਬਾਹਰਾ, ਉਰਮਲ ਵਰਮਾ ਅਤੇ ਨਵਦੀਪ ਸਿੰਘ ਨਵੀ ਆਦਿ ਮੌਜੂਦ ਸਨ।