Home Protest ਖੱਪਤਕਾਰਾ ਦੀ ਸਹਿਮਤੀ ਤੋ ਬਗੈਰ ਲਗਾਏ ਜਾ ਰਹੇ ਨੇ ਚਿੱਪ ਵਾਲੇ ਸਮਾਰਟ...

ਖੱਪਤਕਾਰਾ ਦੀ ਸਹਿਮਤੀ ਤੋ ਬਗੈਰ ਲਗਾਏ ਜਾ ਰਹੇ ਨੇ ਚਿੱਪ ਵਾਲੇ ਸਮਾਰਟ ਮੀਟਰ

31
0

ਮੁੱਲਾਂਪੁਰ ਦਾਖਾ 6 ਅਗਸਤ (ਸਤਵਿੰਦਰ ਸਿੰਘ ਗਿੱਲ) ਪਾਵਰਕਾਮ ਵੱਲੋਂ ਬਿਜਲੀ ਖੱਪਤਕਾਰਾਂ ਦੀ ਸਹਿਮਤੀ ਤੋਂ ਬਗੈਰ ਗੁਪਤ ਤਰੀਕੇ ਨਾਲ ਲਾਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪਿੰਡ ਰਸੂਲਪੁਰ ਵਾਸੀਆਂ ਨੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿੱਚ ਨਗਰ ਨਿਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦੀ ਕਾਰਗੁਜ਼ਾਰੀ ਤੋਂ, ਪੰਜਾਬ ਦਾ ਲੋਕ-ਸਮੂਹ ਬਹੁਤ ਹੀ ਨਰਾਜ਼ਗੀ ਵਿੱਚ ਹੈ,ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਮੋਦੀ ਹਕੂਮਤ ਦੇ ‘ਬਿਜਲੀ ਸੋਧ ਬਿੱਲ 2020’ ਨੂੰ, ਜੋ ਦਿੱਲੀ ਕਿਸਾਨ ਮੋਰਚੇ ਦੇ ਦੌਰਾਨ ਪੰਜਾਬ ਦੀ ਅਗਵਾਈ ਹੇਠ ਲੜੇ ਗਏ ਕਿਸਾਨ ਅੰਦੋਲਨ ਦੇ ਦੌਰਾਨ ਵਾਪਿਸ ਕਰਵਾ ਲਿਆ ਸੀ, ਪਰ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜਿਸਨੂੰ ਸਮੂਹ ਪੰਜਾਬੀਆਂ ਨੇ ਵੱਡਾ ਮੱਤਦਾਨ ਦੇ ਕੇ ਪੰਜਾਬ ਦੀ ਸੱਤ੍ਹਾ ਸੌਂਪੀ ਹੈ, ਉਸੇ ਵਾਪਿਸ ਕੀਤੇ ‘ਬਿਜਲੀ ਸੋਧ ਬਿੱਲ 2020’ ਨੂੰ ਜੋ ਬਿਜਲੀ ਦੇ ਉਤਪਾਦਨ ਤੇ ਖੱਪਤ ਦਾ ਕੇਂਦਰੀਕਰਨ ਕਰਦਾ ਹੋਇਆ ਸੂਬਿਆਂ ਦੇ ਬਿਜਲੀ ਉਪਰ ਅਧਿਕਾਰਾਂ ਨੂੰ ਖਾਰਿਜ਼ ਕਰਦਾ ਹੈ, ਕੇਂਦਰ ਦੀ ਮੋਦੀ ਹਕੂਮਤ ਦੇ ਦਾਬੇ ਤਹਿਤ ਇਸੇ ਬਿੱਲ ਨੂੰ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਜ਼ਰੀਏ ਟੇਢੇ ਢੰਗ-ਤਰੀਕਿਆਂ ਤਹਿਤ ਲਾਗੂ ਕਰਵਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਨੂੰ ਕੇਂਦਰ ਵੱਲੋਂ ਠੋਸੇ ਇਸ ਲੋਕ ਵਿਰੋਧੀ ਫੈਸਲੇ ਖਿਲਾਫ ਸਟੈਂਡ ਲੈਣਾ ਚਾਹੀਦਾ ਸੀ ਪਰ ਮੁੱਖ ਮੰਤਰੀ ਸ੍ਰੀ ਮਾਨ ਨੇ ਕੇਂਦਰ ਦਾ ਪੱਲਾ ਫੜ ਕੇ ਸਮੂਹ ਪੰਜਾਬੀਆਂ ਨੂੰ ਨਰਾਜ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਭਾਖੜਾ ਬਿਆਸ ਪ੍ਰਬੰਧਕੀ ਬੋਰਡ’ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਦਿ ਤੋਂ ਪੰਜਾਬ ਦਾ ਅਧਿਕਾਰ ਖਾਰਿਜ਼ ਕਰਨ ਵਿਰੁੱਧ ਵੀ ,ਸ੍ਰੀ ਭਗਵੰਤ ਮਾਨ ਕੋਈ ਢੁੱਕਵਾਂ ਸਟੈਂਡ ਨਹੀਂ ਲੈ ਸਕੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਰੁਪਿੰਦਰ ਸਿੰਘ, ਗੁਰਚਰਨ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਤਿੰਦਰਪਾਲ ਸਿੰਘ ਸੀਬਾ ਅਤੇ ਸਰਗੁਣ ਸਿੰਘ ਨੇ ਕਿਹਾ ਕਿ ਇਨ੍ਹਾਂ ਨਵੇਂ ਸਮਾਰਟ ਬਿਜਲੀ ਮੀਟਰਾਂ ਰਾਹੀਂ ਖਪਤਕਾਰਾਂ ਤੋਂ ਘਰੇਲੂ ਵਰਤੋ ਤੇ ਮਿਲਦੀ ਬਿਜਲੀ ਖਪਤ ਉਂਪਰ ਸਬਸਿਡੀ ਨੂੰ ਖੋਹਣ ਦੀ ਤਿਆਰੀ ਹੈ ਇਸ ਨਾਲ ਜਿੱਥੇ ਬਿਜਲੀ ਖੱਪਤਕਾਰਾਂ ਉਪਰ ਆਰਥਿਕ ਬੋਝ ਵਧੇਗਾ ਉੱਥੇ ਪਾਵਰਕਾਮ ਵਿਚ ਮੀਟਰ-ਰੀਡਿੰਗ, ਬਿਜਲੀ ਬਿੱਲ ਵੰਡਣ ਆਦਿ ਦਾ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਬੇਰੁਜ਼ਗਾਰ ਕੀਤਾ ਜਾਵੇਗਾ। ਇਨ੍ਹਾਂ ਬਿਜਲੀ ਮੀਟਰਾਂ ਰਾਹੀਂ ਪ੍ਰੀ-ਪੇਡ ਸਿਮ ਸਿਸਟਮ ਚਾਲੂ ਕਰਕੇ ਬਿਜਲੀ ਖਪਤ ਦਾ ਅਡਵਾਂਸ ਚਾਰਜ ਕੀਤਾ ਜਾਵੇ ਗਾ। ਜਿਸ ਕਰਕੇ ਗਰੀਬ ਤੇ ਦਰਮਿਆਨੇ ਲੋਕ ਬਿਜਲੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ। ਇਸ ਮੌਕੇ ਇਕੱਤਰਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਏ ਗਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਨੂੰ ਉਤਾਰਿਆ ਜਾਵੇ ਅਤੇ ਚਿੱਪ ਵਾਲ਼ੇ ਬਿਜਲੀ ਮੀਟਰ ਲਾਉਣ ਦਾ ਫੈਸਲਾ ਵਾਪਸ ਲਿਆ ਜਾਵੇ।
ਇਸ ਮੌਕੇ ਇਕੱਤਰਤਾ ਨੇ ਫੈਸਲਾ ਕੀਤਾ ਕਿ ਪਾਵਰਕਾਮ ਵੱਲੋਂ ਪਿੰਡ ਰਸੂਲਪੁਰ ਵਿਖੇ ਪਿਛਲੇ ਦਿਨੀਂ ਚੁੱਪ ਚੁਪੀਤੇ ਗੁਪਤ ਤੌਰ ਤੇ ਲਾਏ ਗਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਵਾਪਿਸ ਕੀਤੇ ਜਾਣਗੇ ਅਤੇ ਸਰਕਾਰ ਦੀ ਇਸ ਲੋਕ ਵਿਰੋਧੀ ਨੀਤੀ ਦੇ ਖਿਲਾਫ ਜਨਤਕ ਸੰਘਰਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here