ਜਗਰਾਉਂ, 30 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )- ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਇਕ 38 ਸਾਲਾ ਨੌਜਵਾਨ ਨੇ ਵੀਰਵਾਰ ਸਵੇਰੇ ਆਪਣੇ ਘਰ ਵਿਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਸਿਟੀ ਜਗਰਾਉਂ ਵਿੱਚ ਪੰਜ ਵਿਅਕਤੀਆਂ ਖ਼ਿਲਾਫ਼ ਧਾਰਾ 306, 34 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸੰਨੀ ਮਾਨਿਕ ਦੇ ਪਿਤਾ ਅਨੂਪ ਮਾਨਿਕ, ਵਾਸੀ ਨਿੰਮ ਵਾਲੀ ਗਲੀ, ਅਨਾਰਕਲੀ ਬਜ਼ਾਰ ਜਗਰਾਉਂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਨੀ ਮਾਨਿਕ ਵੱਲੋਂ ਲਿਖਿਆ ਸੁਸਾਈਡ ਨੋਟ ਪੇਸ਼ ਕਰਦੇ ਹੋਏ ਆਪਣੇ ਦਿਤੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਅੱਡਾ ਰਾਏਕੋਟ ਨੇੜੇ ਗਊਸ਼ਾਲਾ ਦੀਆਂ ਦੁਕਾਨਾਂ ਵਿਚ ਕਰਿਆਨੇ ਦੀ ਦੁਕਾਨ ਹੈ ਅਤੇ ਇਸ ਤੋਂ ਇਲਾਵਾ ਉਸ ਦਾ ਮਾਨਿਕ ਬਰਿਕਸ ਰਾਏਕੋਟ ਰੋਡ ਨੇੜੇ ਪੁਲ ਸੂਆ ਇੱਟ ਭੱਠਾ ਹੈ। ਸੰਨੀ ਮਾਨਿਕ ਨੇ ਅੱਡਾ ਰਾਏਕੋਟ ਵਿੱਚ ਮਲਹੋਤਰਾ ਕੈਟਰਸ ਦੇ ਨਾਂ ’ਤੇ ਕੰਮ ਕਰਦੇ ਧੀਰਜ ਮਲਹੋਤਰਾ, ਪ੍ਰਿੰਸ ਮਲਹੋਤਰਾ ਅਤੇ ਉਨ੍ਹਾਂ ਦੇ ਪਿਤਾ ਵਿਪਨ ਮਲਹੋਤਰਾ ਤੋਂ ਰਾਸ਼ਨ ਦੇ 17 ਲੱਖ ਰੁਪਏ ਲੈਣੇ ਸਨ, ਜੋ ਕਿ ਉਹ ਨਹੀਂ ਦੇ ਰਹੇ ਸਨ ਅਤੇ ਉਲਟਾ ਉਸ ਨੂੰ ਧਮਕੀਆਂ ਦਿੰਦੇ ਸਨ। ਭੋਲਾ ਹਲਵਾਈ ਪਿੰਡ ਰੂਮੀ ਵਿੱਚ ਮਿਠਾਈਆਂ ਦੀ ਦੁਕਾਨ ਅਤੇ ਕੇਟਰਿੰਗ ਦਾ ਕਾਰੋਬਾਰ ਕਰਦਾ ਹੈ। ਉਸ ਤੋਂ 10 ਲੱਖ ਰੁਪਏ ਲੈਣੇ ਸਨ। ਜੋ ਉਹ ਨਹੀਂ ਦੇ ਰਿਹਾ ਸੀ। ਇਸ ਤੋਂ ਇਲਾਵਾ ਮੇਰੇ ਲੜਕੇ ਸੰਨੀ ਮਾਣਿਕ ਨੇ ਬਲਦੇਵ ਸਿੰਘ ਵਾਸੀ ਕੋਠੇ ਰਾਹਲਾਂ ਤੋਂ ਕੁਝ ਪੈਸੇ ਲਏ ਸਨ, ਜਿਸ ਦਾ ਇਕ ਚੈੱਕ ਬਲਦੇਵ ਸਿੰਘ ਕੋਲ ਸੀ, ਜਿਸ ਨੂੰ ਉਹ ਵਾਪਸ ਨਹੀਂ ਕਰ ਰਿਹਾ ਸੀ ਅਤੇ ਧਮਕੀਆਂ ਦਿੰਦਾ ਸੀ। ਇਸ ਸਭ ਤੋਂ ਪ੍ਰੇਸ਼ਾਨ ਸੰਨੀ ਮਾਨਿਕ ਨੇ ਵੀਰਵਾਰ ਸਵੇਰੇ ਘਰ ਦੇ ਸਟੋਰ ਰੂਮ ’ਚ ਜਾ ਕੇ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਸੁਸਾਈਡ ਨੋਟ ਅਤੇ ਉਸ ਦੇ ਪਿਤਾ ਅਨੂਪ ਮਾਨਿਕ ਦੇ ਬਿਆਨਾਂ ਦੇ ਆਧਾਰ ’ਤੇ ਧੀਰਜ ਮਲਹੋਤਰਾ, ਪ੍ਰਿੰਸ ਮਲਹੋਤਰਾ ਇਨ੍ਹਾਂ ਦੇ ਪਿਤਾ ਵਿਪਨ ਮਲਹੋਤਰਾ, ਭੋਲਾ ਹਲਵਾਈ ਪਿੰਡ ਰੂਮੀ ਅਤੇ ਬਲਦੇਵ ਸਿੰਘ ਕੋਠੇ ਰਾਹਲਾਂ ਦੇ ਖਿਲਾਫ ਥਾਣਾ ਸਿਟੀ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।