ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਨੂੰ ਉਤਸ਼ਾਹ ਮਿਲੇਗਾ – ਡਿਪਟੀ ਕਮਿਸ਼ਨਰ
– ਇਨਫੋਸਿਸ ਵੱਲੋਂ ਹੁਣ ਤੱਕ 350 ਕੰਪਿਊਟਰ ਭੇਜੇ ਜਾ ਚੁੱਕੇ ਹਨ – ਉਪ ਜ਼ਿਲ੍ਹਾ ਸਿੱਖਿਆ ਅਫ਼ਸਰ
ਮੋਗਾ, 5 ਅਕਤੂਬਰ (ਕੁਲਵਿੰਦਰ ਸਿੰਘ ) -ਜ਼ਿਲ੍ਹਾ ਮੋਗਾ, ਜੋ ਕਿ ਲੰਬੇ ਸਮੇਂ ਤੋਂ ਅਕਾਦਮਿਕ ਕਾਰਜਾਂ ਵਿੱਚ ਇੱਕ ਅਭਿਲਾਸ਼ੀ ਜ਼ਿਲ੍ਹੇ (ਐਸਪੀਰੇਸ਼ਨਲ ਡਿਸਟ੍ਰਿਕਟ) ਵਜੋਂ ਜਾਣਿਆ ਜਾਂਦਾ ਹੈ, ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਦੀ ਯੋਗ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਬਹੁਰਾਸ਼ਟਰੀ ਕੰਪਨੀ ਇਨਫੋਸਿਸ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਕਦਮ ਪੁੱਟਿਆ ਹੈ, ਜਿਸ ਅਧੀਨ ਇੰਫੋਸਿਸ ਵੱਲੋਂ 150 ਉੱਚ ਗੁਣਵੱਤਾ ਅਧਾਰਿਤ ਕੰਪਿਊਟਰਾਂ (ਮੌਨੀਟਰ, ਸੀ ਪੀ ਯੂ, ਮਾਊਸ, ਕੀ-ਬੋਰਡ) ਦੀ ਦੂਜੀ ਖੇਪ ਜ਼ਿਲ੍ਹਾ ਮੋਗਾ ਨੂੰ ਭੇਜੀ ਗਈ ਹੈ। ਇਸ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮ ਜ਼ਿਲ੍ਹਾ ਨੋਡਲ ਅਫ਼ਸਰ ਰਾਕੇਸ਼ ਕੁਮਾਰ ਮੱਕੜ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਹੁਣ ਤੱਕ ਇਨਫੋਸਿਸ ਵੱਲੋਂ 350 ਕੰਪਿਊਟਰ ਭੇਜੇ ਜਾ ਚੁੱਕੇ ਹਨ। ਜਿੰਨ੍ਹਾਂ ਵਿੱਚੋਂ 200 ਕੰਪਿਊਟਰ ਵੱਖ-ਵੱਖ ਸਕੂਲਾਂ ਨੂੰ ਪਿਛਲੇ ਸਾਲ ਹੀ ਅਲਾਟ ਕੀਤੇ ਗਏ ਹਨ ਅਤੇ ਇਹ 150 ਕੰਪਿਊਟਰ ਵੀ ਜਲਦੀ ਹੀ ਵੱਖ-ਵੱਖ ਸਕੂਲਾਂ ਨੂੰ ਅਲਾਟ ਕਰ ਦਿੱਤੇ ਜਾਣਗੇ। ਜਿਸ ਨਾਲ ਯਕੀਨੀ ਤੌਰ ‘ਤੇ ਸਰਕਾਰੀ ਸਕੂਲਾਂ ‘ਚ ਦਿੱਤੀ ਜਾ ਰਹੀ ਮਿਆਰੀ ਅਤੇ ਆਧੁਨਿਕ ਸਿੱਖਿਆ ਨੂੰ ਹੋਰ ਵੀ ਉਤਸ਼ਾਹ ਮਿਲੇਗਾ ਅਤੇ ਮੋਗਾ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰੇਗਾ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਰਾਕੇਸ਼ ਕੁਮਾਰ ਮੱਕੜ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਅਤੇ ਜ਼ਿਲ੍ਹਾ ਸਿਸਟਮ ਮੈਨੇਜਰ ਸੁਰਿੰਦਰ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨ੍ਹਾਂ ਵੱਲੋਂ ਇਨਫੋਸਿਸ ਨਾਲ ਲਗਾਤਾਰ ਸੰਪਰਕ ਕਰਕੇ ਇਹ ਕੰਪਿਊਟਰ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਨ੍ਹਾਂ ਕਿਹਾ ਕਿ ਇਸ ਸਬੰਧੀ ਭਵਿੱਖ ਵਿੱਚ ਵੀ ਮੋਗਾ ਜ਼ਿਲ੍ਹੇ ਦੇ ਅਧੀਨ ਆਉਂਦੇ ਸਾਰੇ ਸਰਕਾਰੀ ਸਕੂਲਾਂ ਨੂੰ ਹੋਰ ਵੀ ਆਧੁਨਿਕ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈ ਕਰਨ ਲਈ ਯਤਨਸ਼ੀਲ ਰਹਿਣਗੇ। ਸਿੱਖਿਆ ਵਿਭਾਗ ਨੂੰ ਇਹ ਕੰਪਿਊਟਰ ਦੇਣ ਮੌਕੇ ਐੱਸ ਡੀ ਐੱਮ ਸ੍ਰ ਰਾਮ ਸਿੰਘ, ਮੀਡੀਆ ਕੋਆਰਡੀਨੇਟਰ ਸ਼੍ਰੀ ਹਰਸ਼ ਗੋਇਲ ਅਤੇ ਹੋਰ ਵੀ ਹਾਜ਼ਰ ਸਨ।
