ਜਗਰਾਉਂ, 17 ਦਸੰਬਰ ( ਬੌਬੀ ਸਹਿਜਲ, ਅਸ਼ਵਨੀ )-ਸ਼ੈਨੇਗਨ ਭੇਜਣ ਦਾ ਝਾਂਸਾ ਦੇ ਕੇ ਦੋ ਵਿਅਕਤੀਆਂ ਨੂੰ ਦੁਬਈ ਭੇਜ ਕੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਭੁਪਿੰਦਰ ਸਿੰਘ ਦਿਓਲ ਵਾਸੀ ਨੰਗਲ ਕਲਾ ਦੇ ਖ਼ਿਲਾਫ਼ ਥਾਣਾ ਸਿਟੀ ਰਾਏਕੋਟ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਰਾਜਧੀਮ ਨੇ ਦੱਸਿਆ ਕਿ ਅਮਨਦੀਪ ਸਿੰਘ ਵਾਸੀ ਪਿੰਡ ਕਲਸੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਭੁਪਿੰਦਰ ਸਿੰਘ ਦਿਓਲ ਨੂੰ ਸਿੰਗਾਪੁਰ ਜਾਣ ਲਈ ਪੰਜਾਹ ਹਜ਼ਾਰ ਰੁਪਏ ਅਤੇ ਉਸ ਦੇ ਭਤੀਜੇ ਇੰਦਰਪ੍ਰੀਤ ਸਿੰਘ ਵਾਸੀ ਪਿੰਡ ਕਲਸੀਆਂ ਨੇ ਸ਼ੈਨੇਗਨ ਜਾਣ ਲਈ 60 ਹਜ਼ਾਰ ਰੁਪਏ ਦਿੱਤੇ ਸਨ। ਇਹ ਪੈਸੇ ਉਨ੍ਹਾਂ ਨੇ ਭੁਪਿੰਦਰ ਸਿੰਘ ਨੂੰ ਐਡਵਾਂਸ ਫੀਸ ਵਜੋਂ ਉਨ੍ਹਾਂ ਦੇ ਦਫ਼ਤਰ ਗੌਡਬਿਟ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਨੇੜੇ ਮਾਰੂਤੀ ਏਜੰਸੀ ਰਾਏਕੋਟ ਵਿਖੇ ਦਿੱਤੇ ਗਏ। ਬਾਅਦ ਵਿੱਚ ਵੀਜ਼ਾ ਲਗਵਾਉਣ ਲਈ ਉਸ ਦੇ ਖਾਤੇ ਵਿੱਚ 2 ਲੱਖ 95 ਹਜ਼ਾਰ ਰੁਪਏ ਜਮ੍ਵਾਂਾਂ ਕਰਵਾਏ ਸਨ। ਉਸਦੇ ਭਤੀਜੇ ਇੰਦਰਪ੍ਰੀਤ ਸਿੰਘ ਨੇ ਵੀ ਭੂਪਿੰਦਰ ਸਿੰਘ ਦੇ ਖਾਤੇ ਵਿੱਚ ਸ਼ੈਨੇਗਨ ਦਾ ਵੀਜ਼ਾ ਲਗਵਾਉਣ ਲਈ ਤਿੰਨ ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਜਿਸ ’ਤੇ ਭੁਪਿੰਦਰ ਸਿੰਘ ਨੇ ਅਮਨਦੀਪ ਸਿੰਘ ਅਤੇ ਉਸ ਦੇ ਭਤੀਜੇ ਇੰਦਰਪ੍ਰੀਤ ਸਿੰਘ ਨੂੰ ਕਿਹਾ ਕਿ ਜੇਕਰ ਉਹ ਸ਼ੈਨੇਗਨ ਦੇਸ਼ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲੇ ਚਾਰ-ਪੰਜ ਮਹੀਨੇ ਦੁਬਈ ਰਹਿਣਾ ਪਵੇਗਾ। ਉਸ ਦੇ ਕਹਿਣ ’ਤੇ ਉਹ ਨਵੰਬਰ 2011 ਵਿਚ ਦੁਬਈ ਚਲੇ ਗਏ ਸਨ। ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਭੁਪਿੰਦਰ ਸਿੰਘ ਨੇ ਦੋਵਾਂ ਦਾ ਸ਼ੈਨੇਗਨ ਦਾ ਵੀਜਾ ਨਹੀਂ ਲਗਵਾਇਆ ਅਤੇ ਮਜਬੂਰਨ ਉਨ੍ਹਾਂ ਨੂੰ ਵਾਪਸ ਭਾਰਤ ਪਰਤਣਾ ਪਿਆ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ ਰਾਏਕੋਟ ਨੇ ਕੀਤੀ ਅਤੇ ਜਾਂਚ ਤੋਂ ਬਾਅਦ ਭੁਪਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।