ਜਗਰਾਉਂ, 17 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਡੇਢ ਕਿਲੋ ਅਫੀਮ ਅਤੇ 66 ਗ੍ਰਾਮ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀ.ਓ ਸਟਾਫ਼ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਚੌਂਕੀਮਾਨ ਵਿਖੇ ਚੈਕਿੰਗ ਲਈ ਮੌਜੂਦ ਸਨ। ਇਤਲਾਹ ਮਿਲੀ ਸੀ ਕਿ ਅਕਬਰ ਸ਼ੇਖ ਅਤੇ ਅਰਮਾਨ ਉਰਫ਼ ਫੁਰਮਾਨ ਖ਼ਾਨ ਬਖ਼ਸ਼ੀ ਵਾਸੀ ਪਿੰਡ ਪੱਲੀ ਥਾਣਾ ਨੂੰਹ ਜ਼ਿਲ੍ਹਾ ਮੇਵਾਤ ਹਰਿਆਣਾ ਜਗਰਾਉਂ ਇਲਾਕੇ ਦੇ ਪਿੰਡਾਂ ਵਿੱਚ ਬਾਹਰਲੇ ਸੂਬਿਆਂ ਤੋਂ ਮਹਿੰਗੇ ਭਾਅ ਅਫ਼ੀਮ ਲਿਆ ਕੇ ਵੇਚਣ ਦਾ ਧੰਦਾ ਕਰ ਰਹੇ ਹਨ। ਜੋ ਅੱਜ ਪਿੰਡ ਸੋਹੀਆਂ ਵਿਖੇ ਅਫੀਮ ਸਪਲਾਈ ਕਰਨ ਲਈ ਆ ਰਹੇ ਹਨ। ਇਸ ਸੂਚਨਾ ’ਤੇ ਟੀ ਪੁਆਇੰਟ ਪਿੰਡ ਸੋਹੀਆਂ ਵਿਖੇ ਨਾਕਾਬੰਦੀ ਕਰਕੇ ਦੋਵਾਂ ਨੂੰ ਡੇਢ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਸੀਆਈਏ ਸਟਾਫ ਤੋਂ ਸਬ ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਏਐਸਆਈ ਗੁਰਸੇਵਕ ਸਿੰਘ ਸਮੇਤ ਪੁਲੀਸ ਪਾਰਟੀ ਸਿੱਧਵਾਂਬੇਟ ਰੋਡ ਬੱਸ ਸਟੈਂਡ ਪਿੰਡ ਰਾਮਗੜ੍ਹ ਭੁੱਲਰ ਕੋਲ ਚੈਕਿੰਗ ਲਈ ਮੌਜੂਦ ਸੀ। ਉਥੇ ਹੀ ਮਿਲੀ ਸੂਚਨਾ ਦੇ ਆਧਾਰ ’ਤੇ ਬੱਸ ਅੱਡਾ ਬੋਤਲਵਾਲਾ ਨੇੜੇ ਨਾਕਾਬੰਦੀ ਦੌਰਾਨ ਜਤਿੰਦਰ ਸਿੰਘ ਵਾਸੀ ਪਿੰਡ ਸਵੱਦੀ ਖੁਰਦ ਨੂੰ 35 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿੱਧਵਾਂਬੇਟ ਤੋਂ ਏ.ਐਸ.ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਲੋਧੀਵਾਲ ਵਿਖੇ ਚੈਕਿੰਗ ਲਈ ਮੌਜੂਦ ਸਨ। ਮਿਲੀ ਸੂਚਨਾ ਦੇ ਆਧਾਰ ’ਤੇ ਰੂੜ ਸਿੰਘ ਵਾਸੀ ਪਿੰਡ ਬਹਾਦਰਕੇ ਜੋ ਕਿ ਮੋਟਰਸਾਈਕਲ ’ਤੇ ਹੈਰੋਇਨ ਲੈ ਕੇ ਪਿੰਡ ਕਾਕੜ ਤਿਹਾੜਾ ਵੱਲ ਜਾ ਰਿਹਾ ਸੀ। ਨਾਕਾਬੰਦੀ ਦੌਰਾਨ ਉਸ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਕੋਲ ਮੌਜੂਦ ਸਨ। ਉਥੇ ਹੀ ਮਿਲੀ ਸੂਚਨਾ ਦੇ ਆਧਾਰ ’ਤੇ ਟੀ ਪੁਆਇੰਟ ਖੁਰਸ਼ੈਦਪੁਰਾ ’ਤੇ ਨਾਕਾਬੰਦੀ ਦੌਰਾਨ ਖਾਲਸਾ ਸਕੂਲ ਚੁੰਗੀ ਨੰਬਰ 5 ਮੁਹੱਲਾ ਮਾਈ ਜੀਨਾ ਜਗਰਾਓਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਅਤੇ ਵਿਕਰਮ ਸਿੰਘ ਨੂੰ ਐਕਟਿਵਾ ਸਕੂਟੀ ’ਤੇ ਹੈਰੋਇਨ ਲਿਜਾਂਦੇ ਹੋਏ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
