ਮੇਰੀ ਕਿਸੇ ਗੋਰੇ ਨਾਲ ਲੜਾਈ ਹੋ ਗਈ ਹੈ, ਕਹਿ ਕੇ ਮਾਰੀ ਬਜੁਰਗ ਨਾਲ ਤਿੰਨ ਲੱਖ ਦੀ ਠੱਗੀ
ਜਗਰਾਉਂ, 17 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਪੁਲਿਸ ਵੱਲੋਂ ਲੋਕਾਂ ਨੂੰ ਵਿਦੇਸ਼ਾਂ ਤੋਂ ਰਿਸ਼ਤੇਦਾਰ ਦੱਸ ਕੇ ਠੱਗੀ ਮਾਰਨ ਸਬੰਧੀ ਵਾਰ-ਵਾਰ ਨੂੰ ਸੁਚੇਤ ਕਰਨ ਦੇ ਬਾਵਜੂਦ ਵੀ ਲੋਕ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਹੀ ਇੱਕ ਮਿਸਾਲ ਇੱਥੋਂ ਨੇੜਲੇ ਪਿੰਡ ਚਕਰ ਵਿੱਚ ਸਾਹਮਣੇ ਆਈ ਹੈ। ਜਿੱਥੇ ਨੌਸਰਬਾਜ਼ ਨੇ ਇੱਕ ਬਜ਼ੁਰਗ ਨੂੰ ਵਿਦੇਸ਼ ਤੋਂ ਆਪਣਾ ਭਤੀਜਾ ਦੱਸ ਕੇ ਤਿੰਨ ਲੱਖ ਰੁਪਏ ਦੀ ਠੱਗੀ ਮਾਰੀ। ਧੋਖਾਦੇਹੀ ਦਾ ਸ਼ਿਕਾਰ ਹੋਏ ਨਿਰਮਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਉਸ ਨੂੰ ਕਿਸੇ ਵਿਦੇਸ਼ੀ ਫੋਨ ਨੰਬਰ ਤੋਂ ਫੋਨ ਆਇਆ। ਜਿਸ ਵਿਚ ਉਸ ਨੇ ਕਿਹਾ ਕਿ ਚਾਚਾ ਮੈਂ ਤੁਹਾਡਾ ਭਤੀਜਾ ਮਨਦੀਪ ਬੋਲ ਰਿਹਾ ਹਾਂ। ਇਕ ਹੋਟਲ ਵਿਚ ਮੇਰੀ ਇਕ ਗੋਰੇ ਨਾਲ ਲੜਾਈ ਹੋ ਗਈ ਅਤੇ ਮੈਂ ਬੋਤਲ ਨਾਲ ਉਸ ਦੇ ਸਿਰ ’ਤੇ ਮਾਰ ਦਿਤੀ ਹੈ। ਉਨ੍ਹਾਂ ਨੇ ਮੈਨੂੰ ਫੜ ਕੇ ਬਿਠਾਇਆ ਹੈ। ਇਸ ਲਈ ਮੈਨੂੰ ਪੈਸੇ ਦੀ ਲੋੜ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਉਸਦਾ ਕੈਨੇਡਾ ਵਿੱਚ ਇੱਕ ਵੱਡਾ ਭਰਾ ਹੈ ਅਤੇ ਉਸਦੇ ਲੜਕੇ ਦਾ ਨਾਮ ਮਨਦੀਪ ਹੈ। ਜਿਸ ਕਾਰਨ ਉਹ ਨੌਸਰਬਾਜ਼ ਦੀ ਚਾਲ ਨੂੰ ਸਮਝ ਨਹੀਂ ਸਕਿਆ। ਨੌਸਰਬਾਜ਼ ਨੇ ਉਸ ਨੂੰ ਵੱਖ-ਵੱਖ ਖਾਤਾ ਨੰਬਰ ਦੇ ਕੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਤਿੰਨ ਵਾਰ 40 ਹਜਾਰ, ਫਿਰ 60 ਹਜਾਰ ਅਤੇ 2 ਲੱਖ ਰੁਪਏ ਜਮ੍ਹਾਂ ਕਰਵਾ ਲਏ। ਜਿਨ੍ਹਾਂ ਖਾਤਿਆਂ ’ਚ ਉਸ ਨੇ ਲੈਣ-ਦੇਣ ਕੀਤਾ ਸੀ ਅਤੇ ਜਿਸ ਖਾਤੇ ’ਚ ਇਹ ਪੈਸੇ ਗਏ ਸਨ। ਉਨ੍ਹਾਂ ਖਾਤਿਆਂ ਨੂੰ ਤੁਰੰਤ ਸਾਫ ਕਰ ਦਿੱਤਾ ਗਿਆ। ਇਸ ਸਬੰਧੀ ਉਸ ਨੇ ਹਠੂਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਦੌਰਾਨ ਦਿੱਤੇ ਗਏ ਖਾਤਾ ਨੰਬਰ ਕੋਲਕਾਤਾ ਦੇ ਹੀ ਨਿਕਲੇ ਹਨ। ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ।