ਫ਼ਤਹਿਗੜ੍ਹ ਸਾਹਿਬ, 01 ਜੂਨ ( ਸੰਜੀਵ ਗੋਇਲ, ਅਨਿਲ ਕੁਮਾਰ) -ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਧੀਨ ਸਥਾਪਤ ਕੀਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਦੀ ਅਗਵਾਈ ਹੇਠ ਕਿਸਾਨ ਬੀਬੀਆਂ ਲਈ ਗਰਮੀ ਰੁੱਤ ਦੇ ਫਲਾਂ ਦੀ ਸਾਂਭ ਸੰਭਾਲ ਸਬੰਧੀ ਇੱਕ ਹਫਤੇ ਦਾ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿੱਚ 12 ਕਿਸਾਨ ਬੀਬੀਆਂ ਨੇ ਸਿਖਲਾਈ ਹਾਸਲ ਕੀਤੀ। ਇਸ ਕੋਰਸ ਦੇ ਤਕਨੀਕੀ ਇਨਚਾਰਜ ਡਾ. ਮਨੀਸ਼ਾ ਭਾਟਿਆ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਵੱਲੋਂ ਬਿਲ ਦਾ ਸ਼ਰਬਤ, ਅੰਬ ਦਾ ਸ਼ਰਬਤ, ਅੰਬ ਸੁਕੈਸ਼, ਅੰਬ ਚਟਣੀ, ਆੜੂ ਦਾ ਜੈਮ, ਆਲੂ ਬੁਖਾਰੇ ਦਾ ਜੈਮ ਬਣਾਉਣ ਬਾਰੇ ਦੱਸਿਆ ਅਤੇ ਟਮਾਂਟਰਾਂ ਦਾ ਸਾੱਸ ਆਦਿ ਬਣਾਉਣ ਦੀ ਤਕਨੀਕੀ ਅਤੇ ਪ੍ਰੈਕਟੀਕਲ ਜਾਣਕਾਰੀ ਦਿੱਤੀ । ਡਾ. ਮਨੀਸ਼ਾ ਭਾਟਿਆ ਨੇ ਦੱਸਿਆ ਕਿ ਆਚਾਰ, ਚਟਨੀਆਂ, ਸ਼ਰਬਤ, ਸਕੈਸ਼ ਆਦਿ ਬਣਾ ਕੇ ਮੋਸਮੀ ਫਲਾਂ ਅਤੇ ਸਬਜੀਆਂ ਦੀ ਕੀਮਤ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਮੋਸਮੀ ਫਲਾਂ ਅਤੇ ਸਬਜੀਆਂ ਦੀ ਕੀਮਤ ਵਿੱਚ ਵਾਧਾ ਕਰਕੇ ਕਿਸਾਨ ਬੀਬੀਆਂ ਇਸ ਕੰਮ ਨੂੰ ਇੱਕ ਸਹਾਇਕ ਧੰਦੇ ਵਜੋਂ ਅਪਣਾ ਸਕਦੀਆ ਹਨ, ਜਿਸ ਨਾਲ ਉਹਨਾਂ ਦੀ ਪਰਿਵਾਰਕ ਆਮਦਨ ਵਿੱਚ ਕਾਫੀ ਵਾਧਾ ਹੋ ਸਕਦਾ ਹੈ।