ਅੰਮ੍ਰਿਤਸਰ 14 ਮਈ (ਰਾਜੇਸ਼ ਜੈਨ – ਰਾਜਨ ਜੈਨ) : ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਲਈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੀ ਅੰਮ੍ਰਿਤਸਰ ਇਕਾਈ ਵਲੋਂ ਵੋਟਰ ਜਾਗਰੂਕਤਾ ਪੇਂਟਿੰਗ ਅਤੇ ਲੇਖ ਰਚਨਾ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ਿਵਾਲਾ ਬਾਗ ਭਾਈਆਂ ਵਿਖੇ ਕਰਵਾਏ ਗਏ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੰਚਾਰ ਬਿਊਰੋ ਦੀ ਅੰਮ੍ਰਿਤਸਰ ਇਕਾਈ ਦੇ ਫ਼ੀਲਡ ਪਬਲੀਸਿਟੀ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਲੋਂ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ ਕਰਵਾਏ ਗਏ ਮੁਕਾਬਲਿਆਂ ਵਿੱਚ ਸਕੂਲ ਦੇ ਚੋਣ ਸਾਖ਼ਰਤਾ ਕਲੱਬ ਦੇ ਮੈਂਬਰ ਵਿਦਿਆਰਥੀਆਂ ਨੇ ਚੋਣ ਸੰਦੇਸ਼ ਦਿੰਦੇਆਂ ਬਹੁਤ ਹੀ ਪ੍ਰੇਰਨਾਦਾਇਕ ਪੇਂਟਿੰਗ ਬਣਾਈਆਂ ਅਤੇ ਲੇਖ ਲਿਖੇ।ਉਹਨਾਂ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਸੱਭ ਨੂੰ ਇਸ ਲੋਕਤੰਤਰ ਦਾ ਹਿੱਸਾ ਬਣਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਦੇਸ਼ ਵਿੱਚ ਚੋਣਾਂ ਦੇ ਪਰਵ ਦਾ ਐਲਾਨ ਹੋ ਚੁੱਕਾ ਹੈ ਅਤੇ ਹੁਣ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਇਹਨਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਭਾਗ ਲਈਏ। ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਵਾਰ ਬਜੁਰਗ ਅਤੇ ਦਿਵਿਆਂਗ ਵੋਟਰਾਂ ਦੀ ਸਹਾਇਤਾ ਲਈ ਕਈ ਸਹੂਲਤਾਂ ਲਈ ਦਿੱਤੀਆਂ ਜਾ ਰਹੀਆਂ ਹਨ,ਜਿਸਦਾ ਲਾਭ ਦਿਵਿਆਂਗ ਵੋਟਰ ਸਕਸ਼ਮ ਐਪ ਤੇ ਰਜਿਸਟਰੇਸ਼ਨ ਕਰਵਾ ਕੇ ਲੈ ਸਕਦੇ ਹਨ।ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਜਿਲ੍ਹੇ ਦੇ ਹਰ ਪੋਲਿੰਗ ਬੂਥ ਉੱਪਰ ਰੈਂਪ ਦੀ ਸੁਵਿਧਾ ਨੂੰ ਯਕੀਨੀ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਵੋਟਰ 1 ਜੂਨ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਦੀ ਪੋਲਿੰਗ ਵਿੱਚ ਜ਼ਰੂਰ ਆਪਣੇ ਵੋਟ ਪਾਉਣ ਦੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਹਾਲੇ ਵੀ ਸਾਡੇ ਕੋਲ ਵਕਤ ਹੈ ਜਿਸ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਸਕਦੇ ਹਾਂ।ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਇਸ ਵਾਰ ਭਾਰਤ ਚੋਣ ਕਮਿਸ਼ਨ ਵਲੋਂ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ,ਜਿਹਨਾਂ ਦੀ ਜਾਣਕਾਰੀ ਉਹਨਾਂ ਤੱਕ ਪੁੱਜਦਾ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਵੋਟ ਦੇਸ਼ ਦੇ ਹਰ ਨਾਗਰਿਕ ਦਾ ਜਮੂਹਰੀ ਹੱਕ ਹੈ ਅਤੇ ਇਸਦਾ ਉੱਚਿਤ ਉਪਯੋਗ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਹੋਰ ਮਜਬੂਤੀ ਪ੍ਰਦਾਨ ਕਰ ਸਕਦਾ ਹੈ।ਇਸ ਮੌਕੇ ਪ੍ਰਿੰਸੀਪਲ ਜੋਗਿੰਦਰ ਸ਼ਿੰਗਾਰੀ,ਰਾਜਕੁਮਾਰ, ਆਦਰਸ਼ ਸ਼ਰਮਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।