ਜਗਰਾਓਂ, 27 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਫਾਈਨਾਂਸ ਕੰਪਨੀ ਨੂੰ ਪੇਸ਼ ਕੀਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਰਜ਼ਾ ਲੈਣ ਲਈ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮੋਗਾ ਜ਼ਿਲੇ ਦੀਆਂ ਤਿੰਨ ਔਰਤਾਂ ਖਿਲਾਫ ਥਾਣਾ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਏ.ਐਸ.ਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਮਾਰਫਤ ਬਾਬਾ ਜੀਵਨ ਸਿੰਘ ਫਾਇਨਾਂਸ ਕੰਪਨੀ ਸ਼ੇਰਪੁਰ ਚੌਂਕ ਜਗਰਾਉਂ ਨਿਵਾਸੀ ਪਿੰਡ ਸ਼ੇਰਪੁਰ ਕਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 1 ਜੁਲਾਈ ਨੂੰ ਮਨਜੀਤ ਕੌਰ ਵਾਸੀ ਪਿੰਡ ਲੋਪੋ ਨੇ ਸਾਡੀ ਉਕਤ ਫਾਇਨਾਂਸ ਕੰਪਨੀ ਵਿਖੇ ਜਸਪ੍ਰੀਤ ਕੌਰ ਉਰਫ਼ ਜੱਸੀ ਅਤੇ ਅਮਨਦੀਪ ਕੌਰ ਨਿਵਾਸੀ ਪਿੰਡ ਲੋਪੋ ਨੂੰ ਕਰਜ਼ਾ ਦਿਵਾਉਣ ਲਈ ਲੈ ਕੇ ਆਈ ਸੀ। ਉਸ ਦੇ ਕਹਿਣ ਅਤੇ ਗਰੰਟੀ ’ਤੇ ਫਾਈਨਾਂਸ ਕੰਪਨੀ ਨੇ ਦੋਵਾਂ ਨੂੰ 30-30 ਹਜ਼ਾਰ ਰੁਪਏ ਦਾ ਕਰਜ਼ਾ ਦੇ ਦਿੱਤਾ। ਉਸ ਸਮੇਂ ਉਨ੍ਹਾਂ ਨੇ ਫਾਈਨਾਂਸ ਕੰਪਨੀ ਨੂੰ ਜੋ ਦਸਤਾਵੇਜ਼ ਦਿੱਤੇ ਸਨ ਜਿਵੇਂ ਕਿ ਆਧਾਰ ਕਾਰਡ ਆਦਿ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਚਰਨਜੀਤ ਕੌਰ ਵਾਸੀ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਅਤੇ ਪਰਮਜੀਤ ਕੌਰ ਵਾਸੀ ਲੋਪੋ ਕਲਾਂ ਜ਼ਿਲ੍ਹਾ ਮੋਗਾ ਜੇ ਨਾਮ ਦੇ ਦਸਤਾਵੇਜ ਜਿਤੇ ਹਨ ਅਤੇ ਆਪਣੇ ਨਾਮ ਵੀ ਗਲਤ ਦੱਸੇ। ਇਸ ਸਬੰਧੀ ਪਤਾ ਲੱਗਣ ’ਤੇ ਅਸੀਂ ਇਹ ਮਾਮਲਾ ਪਿੰਡ ਦੀ ਪੰਚਾਇਤ ਕੋਲ ਵੀ ਲੈ ਕੇ ਗਏ ਤਾਂ ਉਥੇ ਪੰਚਾਇਤ ਦੇ ਕਹਿਣ ’ਤੇ ਵੀ ਉਨ੍ਹਾਂ ਨੇ ਪੈਸੇ ਵਾਪਸ ਨਹੀਂ ਕੀਤੇ ਅਤੇ ਉਲਟਾ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਜਸਪ੍ਰੀਤ ਕੌਰ, ਅਮਨਦੀਪ ਕੌਰ ਅਤੇ ਉਨ੍ਹਾਂ ਦੇ ਗਾਰੰਟਰ ਮਨਜੀਤ ਕੁਮਾਰ ਵਾਸੀ ਪਿੰਡ ਲੋਪੋ, ਜ਼ਿਲ੍ਹਾ ਮੋਗਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।