ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਦੇ ਬਦਲੇ ਨਿਯਮ
ਜਗਰਾਓਂ, 2 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੰਜਾਬ ਸਰਕਾਰ ਵੱਲੋਂ ਬੁਢਾਪਾ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਪੈਂਨਸ਼ਨਾਂ ਲਗਾਉਣ ਲਈ ਉਮਰ ਸਬੰਧੀ ਸਬੂਤਾਂ ਦੇ ਦਸਤਾਵੇਜਾਂ ਦੀ ਕੀਤੀ ਤਬਦੀਲੀ ਨੂੰ ਲੈ ਕੇ ਪਿੰਡਾਂ ਦੀਆਂ ਔਰਤਾਂ ਨੂੰ ਪੈਨਸ਼ਨ ਲਗਾਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ(ਪੰਜਾਬ) ਵੱਲੋਂ ਤੱਤਕਾਲੀ ਕਾਂਗਰਸ ਸਰਕਾਰ ਦੇ ਸਮੇਂ ਲੋੜਬੰਦਾਂ ਔਰਤਾਂ ਨੂੰ ਬੁਢਾਪਾ ਜਾਂ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਪੈਨਸ਼ਨਾਂ ਲਗਾਉਣ ਲਈ ਪਹਿਲਾਂ ਜਾਰੀ ਕੀਤੇ ਨੋਟੀਫਿਕੇਸ਼ਨ ਨੰਬਰ 1000017/13/06/2017 ਅਨੁਸਾਰ ਆਧਾਰ ਕਾਰਡ,ਵੋਟਰ ਕਾਰਡ,ਵੋਟਰ ਲਿਸਟ,ਦਸਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਾਰ ਰਾਂਹੀ ਜਾਰੀ ਕੀਤੇ ਸਰਟੀਫਿਕੇਟ ਆਦਿ ਵਿੱਚੋਂ ਇੱਕ ਦਸਤਾਵੇਜ਼ ਦੀ ਮੰਗ ਕੀਤੀ ਗਈ ਸੀ।ਇਸ ਤਰ੍ਹਾਂ ਯੋਗ ਵਿਅਕਤੀ ਦੀ ਪੈਨਸ਼ਨ ਲੱਗ ਜਾਂਦੀ ਸੀ।ਪਰ ਮੌਜੂਦਾ ਸਰਕਾਰ ਵੱਲੋਂ ਇਸ ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ।ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ(ਪੰਜਾਬ) ਵੱਲੋਂ ਪੱਤਰ ਮੀਮੋ ਨੰਬਰ 03/04/2015- 3ਇਬ/1257 ਮਿਤੀ,25/05/2023 ਜਾਰੀ ਕਰਦੇ ਹੋਏ। ਆਧਾਰ ਕਾਰਡ,ਵੋਟਰ ਕਾਰਡ,ਵੋਟਰ ਕਾਰਡ ਲਿਸਟ,ਜਨਮ ਮੌਤ ਰਜਿਸਟਰਾਰ ਵੱਲੋਂ ਜਾਰੀ ਸਰਟੀਫਿਕੇਟ,ਦਸਵੀਂ ਦਾ ਸਰਟੀਫਿਕੇਟ ਜਾਂ ਸਕੂਲ ਛੱਡਣ ਦਾ ਸਰਟੀਫਿਕੇਟ ਆਦਿ ਚੋਂ ਦੋ ਜਰੂਰੀ ਕਰ ਦਿੱਤੇ ਹਨ।ਇਹ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਅਨਪੜ੍ਹ ਔਰਤਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।ਇਸ ਸਬੰਧ’ਚ ਪਿੰਡਾਂ ਦੀਆਂ ਔਰਤਾਂ ਸੁਵਿਧਾ ਕੇਂਦਰਾਂ’ਚ ਸਵੱਖਤੇ ਆਉਂਦੀਆਂ ਹਨ ਤੇ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਵਾਰ-ਵਾਰ ਸਮਝਾਉਣ ਤੇ ਘੰਟਿਆ ਬੱਧੀ ਉਡੀਕ ਕਰ ਅਤੇ ਧੱਕੇ ਖਾ ਕੇ ਮੁੱੜਨ ਲਈ ਮਜ਼ਬੂਰ ਹਨ।ਗਰਮੀ ਧੁੱਪ ਦੀਆਂ ਭੰਨੀਆਂ ਵਡੇਰੀ ਉਮਰ ਦੀਆਂ ਔਰਤਾਂ ਮਨਜੀਤ ਕੌਰ,ਛਿੰਦਰ ਕੌਰ,ਪਰਮਜੀਤ ਕੌਰ,ਭੋਲੀ ਆਦਿ ਨੇ ਦੱਸਿਆ ਕਿ ਨਾਂ ਤਾਂ ਸਾਡੇ ਕੋਲ ਸਕੂਲ ਦਾ ਕੋਈ ਸਰਟੀਫਿਕੇਟ ਹੈ ਅਤੇ ਨਾਂ ਹੀ ਕਿਸੇ ਹੋਰ ਵਿਭਾਗ ਦਾ ਪੈਂਨਸ਼ਨ ਲਗਾਉਣ ਲਈ ਜਾਰੀ ਸਰਟੀਫਿਕੇਟ,ਅਸੀਂ ਪਿਛਲੇ ਲੰਬੇ ਸਮੇਂ ਤੋਂ ਦਫਤਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ।ਜਦੋਂ ਇਸ ਸਾਰੇ ਮਾਮਲੇ ਬਾਰੇ ਸੁਵਿਧਾ ਸੈਂਟਰ ਦੇ ਇੰਚਾਰਜ ਨਵਦੀਪ ਸਿੰਘ ਨਾਲ ਅਸਲ ਜਾਨਣ ਲਈ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਹਰ ਨਹੀਂ ਜਾ ਕਦੇ,ਰੋਜਾਨਾਂ ਸਾਡੇ ਨਾਲ ਸੈਂਟਰ ਤੇ ਆ ਕੇ ਬਜੁਰਗ ਲੜਾਈ ਕਰਦੇ ਹਨ,ਨੋਟੀਫਿਕੇਸ਼ਨ ਦੀ ਕਾਪੀ ਨੋਟਿਸ ਬੋਰਡ ਤੇ ਚਿਪਕਾਈ ਹੋਈ ਹੈ ਪਰ ਪੈਨਸ਼ਨ ਲਗਾਉਣ ਵਾਲੇ ਬਜੁਰਗ ਅਨਪੜ੍ਹ ਹੋਣ ਕਾਰਨ ਸਾਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।