ਜਗਰਾਓਂ , 2 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )- ਕਰਜ਼ਾ ਦਿਵਾਉਣ ਦੇ ਬਹਾਨੇ 3.35 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਜਗਰਾਉਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਕਾਉਂਕੇ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਦਲਜੀਤ ਸਿੰਘ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਵਾਸੀ ਸ਼ਹੀਦ ਭਗਤ ਸਿੰਘ ਨਗਰ,ਲੁਧਿਆਣਾ ਜੋ ਕਿ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਅਕਸਰ ਆਉਂਦੇ ਸਨ ਅਤੇ ਮੈਂ ਵੀ ਉੱਥੇ ਆਉਂਦਾ-ਜਾਂਦਾ ਰਹਿੰਦਾ ਸੀ। ਉੱਥੇ ਹੀ ਸਾਡੀ ਆਪਸ ਵਿਚ ਜਾਣ ਪਹਿਚਾਨ ਹੋਈ। ਦਲਜੀਤ ਸਿੰਘ ਆਪਣੇ ਆਪ ਨੂੰ ਲੁਧਿਆਣਾ ਦੀ ਇੱਕ ਫਾਈਨਾਂਸ ਕੰਪਨੀ ਦਾ ਮਾਲਕ ਦੱਸਦਾ ਸੀ। ਉਨ੍ਹਾਂ ਦੇ ਪੀ.ਏ ਸੁਰਜੀਤ ਸਿੰਘ ਵਾਸੀ ਪਿੰਡ ਚਮਿੰਡਾ ਨੇ ਸਾਨੂੰ ਕਰਜ਼ਾ ਦਿਵਾਉਣ ਦੀ ਪੇਸ਼ਕਸ਼ ਕੀਤੀ ਅਤੇ ਸਾਡੇ ਕਰਜ਼ੇ ਸਬੰਧੀ ਦਲਜੀਤ ਸਿੰਘ ਅਤੇ ਰਾਜਵਿੰਦਰ ਕੌਰ ਨਾਲ ਮੀਟਿੰਗ ਕਰਵਾਈ ਤਾਂ ਉੱਥੇ ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਬੈਂਕ ਤੋਂ 27 ਲੱਖ ਰੁਪਏ ਦਾ ਨਿੱਜੀ ਕਰਜ਼ਾ ਦਿਵਾ ਸਕਦੇ ਹਾਂ। ਉਨ੍ਹਾਂ ਦੇ ਕਹਿਣ ’ਤੇ ਅਸੀਂ ਉਨ੍ਹਾਂ ਨੂੰ ਮੰਗੇ ਗਏ ਦਸਤਾਵੇਜ਼ ਦੇ ਦਿੱਤੇ। ਸ਼ਿਕਾਇਤਕਰਤਾ ਸਵਰਨ ਸਿੰਘ ਨੇ ਦੱਸਿਆ ਕਿ ਉਸ ਕੋਲ ਪੌਣਾ ਏਕੜ ਜ਼ਮੀਨ ਹੈ ਤਾਂ ਦਲਜੀਤ ਸਿੰਘ ਨੇ ਕਿਹਾ ਕਿ ਤੁਹਾਡੇ ਕੋਲ ਜ਼ਮੀਨ ਘੱਟ ਹੈ, ਇਸ ਲਈ ਤੁਸੀਂ ਸਿੱਧਾ ਕਰਜ਼ਾ ਮਿਲ ਸਕਦਾ। ਇਸ ਤੋਂ ਪਹਿਲਾਂ ਤੁਹਾਨੂੰ ਬੀਮਾ ਕਰਵਾਉਣਾ ਹੋਵੇਗਾ। ਜਿਸ ’ਤੇ 3.35 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਨੇ ਲੋਨ ਦਿਵਾਉਣ ਲਈ ਬੀਮੇ ਦੇ ਨਾਂ ’ਤੇ ਸਾਡੇ ਤੋਂ 3.35 ਲੱਖ ਰੁਪਏ ਲੈ ਲਏ। ਉਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਕੋਈ ਕਰਜ਼ਾ ਨਹੀਂ ਦਵਾਇਆ। ਪੈਸੇ ਵਾਪਿਸ ਲੈਣ ਲਈ ਅਸੀਂ ਉਨ੍ਹਾਂ ਨਾਲ ਕਈ ਵਾਰ ਪੰਚਾਇਤੀ ਤੌਰ ’ਤੇ ਗੱਲ ਕੀਤੀ ਪਰ ਉਨ੍ਹਾਂ ਨੇ ਪੈਸੇ ਦੇਣ ਦਾ ਵਾਅਦਾ ਕਰਕੇ ਪੈਸੇ ਨਹੀਂ ਦਿੱਤੇ। ਇਸ ਸ਼ਿਕਾਇਤ ਦੀ ਜਾਂਚ ਪਵਨਜੀਤ ਸਿੰਘ ਡੀਐਸਪੀ ਹੋਮੀਸਾਈਡ ਐਂਡ ਫੋਰੈਂਸਿਕ, ਲੁਧਿਆਣਾ ਦੇਹਾਤੀ ਨੇ ਕੀਤੀ। ਜਾਂਚ ਤੋਂ ਬਾਅਦ ਦਲਜੀਤ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ ਅਤੇ ਉਨ੍ਹਾਂ ਦੇ ਪੀਏ ਸੁਰਜੀਤ ਸਿੰਘ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।