ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਵੱਡੀਆਂ ਅਪਰਾਧਿਕ ਘਟਨਾਵਾਂ ਵਿੱਚ ਨਾਬਾਲਗ ਬੱਚੇ ਸ਼ਾਮਲ ਪਾਏ ਗਏ ਹਨ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿਚ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣੇ ’ਤੇ ਆਰਪੀਜੀ ਰਾਕੇਟ ਗਰਨੇਡ ਨਾਲ ਕੀਤੇ ਗਏ ਹਮਲੇ ਵਿਚ ਪੁਲਿਸ ਵਲੋਂ ਕੀਤੇ ਗਏ ਖੁਲਾਸੇ ਅਤੇ ਗਿ੍ਰਫਤਾਰੀਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿਤਾ ਹੈ। ਇਸ ਘਟਨਾ ਵਿਚ ਜਿਥੇ ਦੋ ਨਾਬਾਲਗ ਬੱਚੇ ਸ਼ਾਮਲ ਪਾਏ ਗਏ ਉਏ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਮੁਜਰਿਮ ਹੀ 18 ਤੋਂ 21 ਸਾਲ ਦੀ ਉਮਰ ਦੇ ਹਨ ਅਤੇ ਇਥੇ ਜੋ ਹੋਰ ਵੱਡੀ ਗੱਲ ਇਹ ਹੈ ਕਿ ਰਾਕੇਟ ਦਾਗਣ ਵਾਲੇ ਦੋਨੋਂ ਹੀ ਨਾਬਾਲਗ ਬੱਚੇ ਹਨ। ਜੇਕਰ ਥੋੜਾ ਇਸਤੋਂ ਪਿੱਛੇ ਝਾਤ ਮਾਰੀਏ ਤਾਂ 29 ਮਈ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ ਨਾਬਾਲਗ ਬੱਚੇ ਸ਼ਾਮਲ, ਫਿਰ 10 ਨਵੰਬਰ ਨੂੰ ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆ ਦੇ ਕਤਲ ਵਿੱਚ ਵੀ ਨਾਬਾਲਗ ਲੜਕੇ ਸਾਹਮਣੇ ਆਏ ਸਨ। ਫਿਰ ਪੰਜਾਬ ਪੁਲਸ ਦੇ ਖੁਫੀਆ ਵਿਭਾਗ ਦੇ ਮੇਨ ਦਫਤਰ ਮੋਹਾਲੀ ’ਚ ਵੀ ਰਾਕੇਟ ਹਮਲਾ ਕਰਨ ਵਾਲੇ ਨਾਬਾਲਿਗ ਬੱਚੇ ਸਾਹਮਣੇ ਆਏ ਹਨ। ਤਰਨਤਾਰਨ ਵਾਲੀ ਘਟਨਾ ਦਾ ਪੂਰਾ ਖੁਲਾਸਾ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ। ਹੁਣ ਇਥੇ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਹਾਲਾਤ ਵਿਗਾੜਨ ਵਾਲੀਆਂ ਏਜੰਸੀਆਂ ਅਤੇ ਅੱਤਵਾਦੀ ਹੁਣ ਸਿੱਧੇ ਤੌਰ ’ਤੇ ਨਾਬਾਲਗ ਬੱਚਿਆਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਨੂੰ ਲਾਲਚ ਅਤੇ ਹਥਿਆਰਾਂ ਦੇ ਟੌਹਰ ਟੱਪੇ ਦੇ ਸਬਜ਼ਬਾਗ ਦਿਖਾ ਕੇ ਇਨ੍ਹਾਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੰਜਾਬ ਲਈ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਹਿਲਾਂ ਆਮ ਤੌਰ ’ਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਪਹਿਲਾਂ ਖੁਦ ਛੋਟੇ-ਮੋਟੇ ਅਪਰਾਧਾਂ ਤੋਂ ਸ਼ੁਰੂ ਹੋ ਕੇ ਵੱਡੇ ਅਪਰਾਧਾਂ ਨੂੰ ਅੰਜਾਮ ਦਿੰਦੇ ਰਹੇ ਹਨ। ਅਜਿਹੇ ਲੋਕਾਂ ਵੱਲੋਂ ਹੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਹੈਰਾਨੀ ਦੀ ਗੱਲ ਨਹੀਂ। ਪਰ ਜਦੋਂ ਬੇਕਸੂਰ ਨਾਬਾਲਗ ਜੋ ਪਹਿਲਾਂ ਕਿਸੇ ਹਿੰਸਕ ਘਟਨਾ ਵਿੱਚ ਸ਼ਾਮਲ ਹੀ ਨਹੀਂ ਹੋਏ ਹੁੰਦੇ ਉਨਾਂ ਬੱਚਿਆਂ ਦੇ ਹੱਥਾਂ ’ਚ ਜਦੋਂ ਹਥਿਆਰ ਮਿਲਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਹ ਵੱਡਾ ਮੁੱਦਾ ਬਣ ਜਾਂਦਾ ਹੈ। ਅਜਿਹੇ ਛੋਟੇ ਬੱਚਿਆਂ ਨੂੰ ਅਪਰਾਧਿਕ ਘਟਨਾਵਾਂ ਦੀ ਕੋਈ ਵੱਡੀ ਜਾਣਕਾਰੀ ਨਹੀਂ ਹੁੰਦੀ, ਉਨ੍ਹਾਂ ਨੂੰ ਲਾਲਚ ਦੇ ਕੇ ਇਸ ਪਾਸੇ ਤੋਰ ਲਿਆ ਜਾਂਦਾ ਹੈ। ਜਿੰਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਕਰਨ ਜਾ ਰਹੇ ਹਨ। ਪੰਜਾਬ ’ਚ ਹੁਣ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚ ਧੱਕਣ ਦਾ ਕੰਮ ਚੱਲ ਰਿਹਾ ਸੀ, ਜਿਸ ’ਚ ਦੇਸ਼ ਵਿਰੋਧੀ ਤਾਕਤਾਂ ਅਤੇ ਸਮੱਗਲਰ ਆਪਣੇ ਮਕਸਦ ’ਚ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਏ ਸਨ। ਪਰ ਹੁਣ ਨਸ਼ਿਆਂ ਦੀ ਦਲ ਦਲ ਤੋਂ ਇਲਾਵਾ ਮਾਸੂਮ ਬੱਚਿਆਂ ਨੂੰ ਹੱਥਾਂ ਵਿੱਚ ਹਥਿਆਰ ਦੇ ਕੇ ਜੁਰਮ ਦੀ ਦੁਮਨੀਆਂ ਵੱਲ ਤੋਰਿਆ ਜਾ ਰਿਹਾ ਹੈ। ਪੰਜਾਬ ਨੂੰ ਲਗਾਤਾਰ ਸਾਜਿਸ਼ਾਂ ਤਹਿਤ ਬਰਬਾਦ ਕਰਨ ਵਾਲੀਆਂ ਤਾਕਤਾਂ ਨੂੰ ਇਹ ਕਦਮ ਵਧਾਉਣ ਤੋਂ ਰੋਕਣ ਲਈ ਸਖਤ ਉਪਰਾਲਿਆਂ ਦਜੀ ਬੇ-ਹੱਦ ਜਰੂਰਤ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਮਾਸੂਮ ਬੱਚਿਆਂ ਦੇ ਅਪਰਾਧ ਵਿਚ ਸ਼ਾਮਲ ਹੋਣ ਦੀਆਂ ਵਾਰਦਾਤਾਂ ਸਾਹਮਣੇ ਆਉਣ ਦੇ ਮੱਦੇਨਜ਼ਰ ਨੂੰ ਪੂਰੀ ਸਾਵਧਾਨੀ ਅਤੇ ਸਖਤੀ ਨਾਲ ਕਾਰਵਾਈ ਕਰੇ ਤਾਂ ਜੋ ਪੰਜਾਬ ਦੀ ਇਸ ਬੇ-ਹੱਦ ਸੰਗੀਨ ਢੰਗ ਨਾਲ ਕੀਤੀ ਜਾ ਰਹੀ ਸਾਜਿਸ਼ੀ ਬਰਬਾਦੀ ਨੂੰ ਰੋਕਿਆ ਜਾ ਸਕੇ।
ਹਰਵਿੰਦਰ ਸਿੰਘ ਸੱਗੂ ।