ਕਪੂਰਥਲਾ (ਰਾਜਨ ਜੈਨ-ਰੋਹਿਤ ਗੋਇਲ) ਸੈਨਿਕ ਸਕੂਲ ਕਪੂਰਥਲਾ ਪੰਜਾਬ ਨੂੰ ਦੇਸ਼ ਦਾ ਸਰਵਸ੍ਰੇਸ਼ਠ ਸੈਨਿਕ ਸਕੂਲ ਐਲਾਨਿਆ ਗਿਆ ਹੈ। ਦੇਸ਼ ਦੇ ਵੱਖ-ਵੱਖ ਸੈਨਿਕ ਸਕੂਲਾਂ ਵਿਚੋਂ ਸੈਨਿਕ ਸਕੂਲ ਕਪੂਰਥਲਾ ਇਕਲੌਤਾ ਅਜਿਹਾ ਸੈਨਿਕ ਸਕੂਲ ਹੈ ਜਿਸਨੂੰ ਰਾਜ ਰੱਖਿਆ ਮੰਤਰੀ ਅਜੈ ਭੱਟ ਨੇ ਰੱਖਿਆ ਮੰਤਰੀ ਟਰਾਫੀ ਦੇ ਕੇ ਨਿਵਾਜਿਆ ਹੈ। 9 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਸਾਰੇ ਸੈਨਿਕ ਸਕੂਲਾਂ ਦੇ ਪ੍ਰਿੰਸੀਪਲ ਇਕ ਸੰਮੇਲਨ ਵਿਚ ਇਕੱਠੇ ਹੋਏ, ਜਿੱਥੇ ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੂੰ ਇਸ ਰੱਖਿਆ ਮੰਤਰੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ ਦੱਸਿਆ ਕਿ ਸਾਲ 2022 ਵਿਚ ਨੈਸ਼ਨਲ ਡਿਫੈਂਸ ਅਕਾਦਮੀ ਵਿਚ ਸਭ ਤੋਂ ਵੱਧ ਕੈਡਟਸ ਭੇਜ ਕੇ ਸੈਨਿਕ ਸਕੂਲ ਕਪੂਰਥਲਾ ਨੇ ਇਸ ਟਰਾਫੀ ’ਤੇ ਕਬਜ਼ਾ ਕੀਤਾ ਹੈ। ਇਹ ਟਰਾਫੀ ਸੈਨਿਕ ਸਕੂਲ ਕਪੂਰਥਲਾ ਨੇ 35 ਸਾਲ ਬਾਅਦ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਟਰਾਫੀ ਸੈਨਿਕ ਸਕੂਲ ਕਪੂਰਥਲਾ ਨੇ ਪਹਿਲੀ ਵਾਰ ਪ੍ਰਾਪਤ ਨਹੀਂ ਕੀਤੀ ਸਗੋਂ 10 ਵਾਰ ਪਹਿਲਾਂ ਵੀ ਪ੍ਰਾਪਤ ਕੀਤੀ ਹੈ। ਸੈਨਿਕ ਸਕੂਲ ਕਪੂਰਥਲਾ ਹੁਣ ਤੱਕ 1 ਹਜ਼ਾਰ ਤੋਂ ਵੱਧ ਅਫ਼ਸਰ ਦੇਸ਼ ਨੂੰ ਸਮਰਪਿਤ ਕਰ ਚੁੱਕਾ ਹੈ, ਜੋ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਇਸ ਸਕੂਲ ਦੇ ਕੈਡੇਟਸ ਗਵਰਨਰ, ਫੌਜ, ਪ੍ਰਸ਼ਾਸਨ ਅਤੇ ਤਕਨੀਕੀ ਖੇਤਰਾਂ ਵਿਚ ਸਰਵਸ੍ਰੇਸ਼ਠ ਪਦਾ ’ਤੇ ਬਿਰਾਜ਼ਮਾਨ ਹਨ। ਸੈਨਿਕ ਸਕੂਲ ਕਪੂਰਥਲਾ 1961 ਤੋਂ ਚੱਲ ਰਿਹਾ ਹੈ, ਜੋ ਕਿ ਪਹਿਲਾਂ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਦਾ ਮਹੱਲ ਸੀ ਅਤੇ ਆਪਣੀਆਂ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਸੀ। ਇਥੋਂ ਦੀਆਂ ਉਪਲੱਬਧੀਆਂ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗਵਰਨਰ, ਰੱਖਿਆ ਮੰਤਰੀ, ਮੁੱਖ ਮੰਤਰੀ ਸਹਿਤ ਅਨੇਕ ਦੇਸ਼ਾਂ ਦੀਆਂ ਮਹਾਨ ਸਖਸ਼ੀਅਤਾਂ ਸੈਨਿਕ ਸਕੂਲ ਕਪੂਰਥਲਾ ਵਿਚ ਆ ਚੁੱਕੀਆਂ ਹਨ। ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ, ਵਾਈਸ ਪ੍ਰਿੰਸੀਪਲ ਵਿੰਗ ਕਮਾਂਡਰ ਦੀਪਿਕਾ ਰਾਵਤ ਅਤੇ ਐਡਮ ਅਫ਼ਸਰ ਮੇਜਰ ਜੇ.ਬੀ. ਐਸ. ਬੇਗ ਨੇ ਇਸ ਮਹਾਨ ਪ੍ਰਾਪਤੀ ਦਾ ਸਾਰਾ ਸਿਹਰਾ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿੰਦੇ ਹੋਏ ਸਭ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਜਿੰਨ੍ਹਾਂ ਨੇ ਸਮੇਂ-ਸਮੇਂ ਸਕੂਲ ਨੂੰ ਸਹਿਯੋਗ ਤੇ ਮਾਗਰਦਰਸ਼ਨ ਕੀਤਾ ਹੈ।
