ਬਠਿੰਡਾ (ਰਾਜੇਸ ਜੈਨ-ਭਗਵਾਨ ਭੰਗੂ) ਜ਼ਿਲ੍ਹੇ ਵਿਚ ਦੂਸਰੇ ਦਿਨ ਵੀ ਸਵਾਰੀਆਂ ਨਾਲ ਭਰੀ ਬੱਸ ਪਲਟਣ ਦੀ ਸੂਚਨਾ ਆਈ ਹੈ। ਹਾਦਸੇ ਵਿਚ ਬੱਸ ਵਿਚ ਸਵਾਰ ਬੱਚੇ ਤੇ ਔਰਤਾਂ ਸਮੇਤ ਦਰਜਨ ਤੋਂ ਵਧ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਬੱਸ ਪਲਟਨ ਦੀ ਖਬਰ ਸੁਣ ਕੇ ਵੱਡੀ ਗਿਣਤੀ ਲੋਕ ਘਟਨਾ ਸਥਾਨ ’ਤੇ ਇਕੱਤਰ ਹੋ ਗਏ। ਨੇੜਲੇ ਪਿੰਡ ਦੇ ਗੁਰੂ ਘਰਾਂ ਤੋਂ ਵੀ ਬੱਸ ਦੇ ਪਲਟਣ ਦੀ ਸੂਚਨਾ ਦਿੱਤੀ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੀਆਂ ਐਂਬੂਲੈਂਸ ਮੌਕੇ ’ਤੇ ਪੁੱਜੀਆਂ ਤੇ ਵਰਕਰਾਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਚ ਇਲਾਜ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਕੁਝ ਜ਼ਖ਼ਮੀਆਂ ਨੂੰ ਇਲਾਜ ਲਈ ਮੌੜ ਮੰਡੀ ਦੇ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਸਵਾਰੀਆਂ ਨੂੰ ਬੱਸ ਵਿਚੋਂ ਕੱਢਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੱਸ ਨੂੰ ਸਿੱਧਾ ਕਰ ਕੇ ਰਸਤਾ ਸਾਫ ਕੀਤਾ ਗਿਆ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਮਾਨਸਾ ਤੋਂ ਬਠਿੰਡਾ ਆ ਰਹੀ ਸੀ। ਜਦ ਉਹ ਪਿੰਡ ਚਨਾਰਥਲ ਪਹੁੰਚੀ ਤਾਂ ਅਚਾਨਕ ਪਲਟ ਗਈ। ਪਲਟਣ ਬਾਅਦ ਬੱਸ ਵਿਚ ਚੀਕ ਚਿਹਾੜਾ ਮੱਚ ਗਿਆ। ਹਸਪਤਾਲ ਵਿਚ ਜ਼ੇਰੇ ਇਲਾਜ ਸਵਾਰੀਆਂ ਅਨੁਸਾਰ ਬੱਸ ਦੇ ਸਾਹਮਣੇ ਤੇਜ਼ ਰਫਤਾਰ ਕਾਰ ਆ ਗਈ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਬੱਸ ਦਾ ਡਰਾਈਵਰ ਸੰਤੁਲਨ ਗਵਾ ਬੈਠਾ ’ਤੇ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਦੀ ਪਛਾਣ ਆਓ ਆਪਣੇ ਸਪਨਾ, ਸੁਖਮੰਦਰ ਸਿੰਘ, ਬਲਵੀਰ ਸਿੰਘ, ਪੂਨਮ ਰਾਣੀ, ਦਲਜੀਤ ਸਿੰਘ ,ਮਨਦੀਪ ਕੌਰ, ਰਚਨਾ ਦੇਵੀ , ਚਰਨਜੀਤ ਕੌਰ, ਸਨੀ ਵਜੋਂ ਹੋਈ ਹੈ।
