ਪਿਛਲੇ ਸਮੇਂ ਦੌਰਾਨ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਅਚਾਨਕ ਮੌਤ ਹੋ ਜਾਣ ਕਾਰਨ ਪੰਜਾਬ ’ਚ ਜਲੰਧਰ ਹਲਕੇ ਦੀ ਖਾਲੀ ਹੋਈ ਸੀਟ ’ਤੇ ਲੋਕ ਸਭਾ ਚੋਣਾਂ ਨੇੜੇ ਆਉਣ ਵਾਲੇ ਹਨ। ਜਿਸ ’ਤੇ ਸਮੁੱਚੇ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਸੀਟ ’ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਪੂਰੀ ਤਾਕਤ ਝੋਕ ਕੇ ਜਿੱਤ ਹਾਸਿਲ ਕਰਨ ਦਾ ਯਤਨ ਕਰਨਗੀਆਂ। ਪਰ ਜਲੰਧਰ ਲੋਕ ਸਭਾ ਹਲਤਕੇ ਤੋਂ ਇਹ ਉਪ ਚੁਣਾਵ ਆਮ ਆਦਮੀ ਪਾਰਟੀ ਲਈ ਕਿਸੇ ਅਗਨੀਪਿ੍ਰਖਿਆ ਤੋਂ ਘੱਟ ਨਹੀਂ ਹੋਣਗੇ। ਅੱਗੇ ਆਉਣ ਵਾਲੇ ਭਵਿੱਖ ਲਈ ਇਸ ਸੀਟ ਤੇ ਜਿੱਤ ਹਾਰ ਆਪ ਦਾ ਰਾਜਨੀਤਿਕ ਸਫਰ ਤੈਅ ਕਰੇਗੀ। ਇਸਤੋਂ ਪਹਿਲਾਂ ਜਦੋਂ ਭਗਵੰਤ ਮਾਨ ਦੀ ਪੱਕੀ ਮੰਨੀ ਜਾਂਦੀ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਜਦੋਂ ਭਗਵੰਤ ਮਾਨ ਵਲੋਂ ਵਿਧਾਨ ਸਭਾ ਚੋਣ ਲੜਕੇ ਜਿੱਤਣ ਉਪਰੰਤ ਮੁੱਖ ਮੰਤਰੀ ਬਨਣ ਲਈ ਉਥੋਂ ਲੋਕ ਸਭਾ ਸੀਟ ਤੋਂ ਆਪਣਾ ਅਸਤੀਫਾ ਦੇ ਦਿਤਾ ਸੀ। ਉਸ ਸਮੇਂ ਸਰਕਾਰ ਬਣੇ ਨੂੰ ਅਜੇ ਕੁਝ ਮਹੀਨੇ ਹੀ ਹੋਏ ਸਨ। ਜਿਸ ਸੀਟ ’ਤੇ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਦਿੱਗਜ ਨੇਤਾਵਾਂ ਨੂੰ ਹਰਾ ਕੇ ਦੋ ਵਾਰ ਜਿੱਤ ਪ੍ਰਾਪਤ ਕੀਤੀ ਅਤੇ ਉਸੇ ਸੀਟ ’ਤੇ ਉਹ ਮੁੱਖ ਮੰਤਰੀ ਬਣ ਕੇ ਵੀ ਆਪਣੀ ਜਿੱਤ ਨੂੰ ਬਰਕਾਰ ਨਹੀਂ ਰੱਖ ਸਕੇ। ਉਸ ਜ਼ਿਮਨੀ ਚੋਣ ’ਚ ਭਗਵੰਤ ਮਾਨ ਨਾਲ ਵਲੋਂ ਆਮ ਆਦਮੀ ਪਾਰਟੀ ਦੇ ਖੜ੍ਹੇ ਕੀਤੇ ਉਮੀਦਵਾਰ ਨੂੰ ਇੱਕ ਅਜਿਹੇ ਆਗੂ ਨੇ ਹਰਾਇਆ ਜਿਸ ਨੂੰ ਲੋਕਾਂ ਨੇ ਵਾਰ-ਵਾਰ ਨਕਾਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਸੰਸਦ ਵਿਤ ਪ੍ਰਵੇਸ਼ ਕੀਤਾ। ਉਥੋਂ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਇਹ ਦਲੀਲ ਸੀ ਕਿ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਏ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਹੈ। ਪਰ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਏ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਹਜ਼ਾਰਾਂ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ, ਪੰਜਾਬ ਸਰਕਾਰ ਵਲੋਂ ਵੱਡੇ-ਵੱਡੇ ਪ੍ਰੋਜੈਕਟ ਸ਼ੁਰੂ ਕਰਨ, ਪੰਜਾਬ ਦੇ 80 ਫੀਸਦੀ ਲੋਕਾਂ ਨੂੰ ਮੁਫਤ ਘਰੇਲੂ ਬਿਜਲੀ ਮੁਹੱਈਆ ਕਰਵਾਈ , ਮੁਹੱਲਾ ਕਲੀਨਿਕਾਂ ਦੇ ਨਾਂ ’ਤੇ ਮੁਫਤ ਸਿਹਤ ਸਹੂਲਤਾਂ ਅਤੇ ਸਿੱਖਿਆ ’ਚ ਸੁਧਾਰ ਦੇ ਦਾਅਵੇ ਸਰਕਾਰ ਵਲੋਂ ਪੂਰੇ ਜੋਰ ਸ਼ੋਰ ਨਾਲ ਕੀਤੇ ਜਾਂਦੇ ਹਨ। ਅਜਿਹੀਆਂ ਸਹੂਲਤਾਂ ਕਾਰਨ ਪੰਜਾਬ ਸਰਕਾਰ ਆਪਣੇ ਆਪ ਨੂੰ ਸਫਲ ਸਮਝ ਕੇ ਚੱਲ ਰਹੀ ਹੈ। ਇਸ ਲਈ ਇਹ ਸੀਟ ਆਮ ਆਦਮੀ ਪਾਰਟੀ ਲਈ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਪੰਜਾਬ ਵਿਚ ਸਰਕਾਰ ਬਨਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤਾ ਹੈ ਦਾਂ ਹੋਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਇਸ ਸੀਟ ਦੀ ਜਿੱਤ ਹਾਰ ਆਪ ਦੇ ਕੰਮਾਂ ਦਾ ਮੁੱਲਾਂਕਣ ਹੋਵੇਗੀ। ਦੂਜੇ ਪਾਸੇ ਕਾਂਗਰਸ ਪਾਰਟੀ ਵੀ ਇਹ ਸੀਟ ਨਹੀਂ ਗੁਆਉਣਾ ਚਾਹੇਗੀ। ਇਸ ਲਈ ਉਥੇ ਜਿੱਤਣ ਵਾਲੇ ਉਮੀਦਵਾਰ ’ਤੇ ਦਾ ਖੇਡਿਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਵ.ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਰਮਜੀਤ ਕੌਰ ਵਿਚੋਂ ਇਕ ਨੂੰ ਚੁਣਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਵਿਚਕਾਰ ਟਿਕਟ ਦੀ ਜੰਗ ਕਾਰਨ ਉਥੇ ਪਾਰਟੀ ਦਾ ਇਕ ਵਾਰ ਫਿਰ ਤੋਂ ਦੋ ਹਿੱਸਿਆਂ ਵਿਚ ਵੰਡਿਆ ਜਾਣਾ ਲਾਜਮੀ ਹੈ ਕਿਉਂਕਿ ਜੇਕਰ ਕਾਂਗਰਸ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੰਦੀ ਹੈ ਤਾਂ ਚੌਧਰੀ ਸੰਤੋਖ ਸਿੰਘ ਦਾ ਧੜ੍ਹਾ ਉਸ ਦੇ ਖਿਲਾਫ ਖੜ੍ਹਾ ਹੋਵੇਗਾ ਜੇਕਰ ਟਿਕਟ ਚੌਧਰੀ ਸੰਤੋਖ ਸਿੰਘ ਦੀ ਪਤਨੀ ਨੂੰ ਦਿੱਤਾ ਗਿਆ ਤਾਂ ਚਰਨਜੀਤ ਸਿੰਘ ਚੰਨੀ ਧੜ੍ਹਾ ਉਸਦੇ ਖਿਲਾਫ ਹੋਵੇਗਾ। ਇਸ ਹਲਕੇ ਵਿਚ ਚੰਨੀ ਦਾ ਕਾਫੀ ਜਨਆਧਾਰ ਹੈ। ਭਾਜਪਾ ਉਥੇ ਪਹਿਲੀ ਵਾਰ ਇਕੱਲੇ ਤੌਰ ਤੇ ਆਪਣੇ ਦਮ ਤੇ ਕਿਸਮਤ ਅਜ਼ਮਾਏਗੀ ਅਤੇ ਅਕਾਲੀ ਦਲ ਆਪਣੇ ਗਠਜੋੜ ਮੁਤਾਬਕ ਜਲੰਧਰ ਦੀ ਸੀਟ ਬਹੁਜਨ ਸਮਾਜ ਪਾਰਟੀ ਨੂੰ ਛੱਡ ਸਕਦਾ ਹੈ। ਅਜਿਹੇ ਸਮੀਕਰਣਾਂ ਵਿਚ ਜਲੰਧਰ ਸੀਟ ’ਤੇ ਮੁਕਾਬਲਾ ਦਿਲਚਸਪ ਹੋਵੇਗਾ ਅਤੇ ਸਮਾਂ ਦੱਸੇਗਾ ਕਿ ਕਿਹੜੀ ਪਾਰਟੀ ਆਪਣੀ ਸਾਖ ਬਚਾਉਣ ਵਿਚ ਸਫਲ ਹੋਵੇਗੀ।
ਹਰਵਿੰਦਰ ਸਿੰਘ ਸੱਗੂ ।