“ਆਮ ਆਦਮੀ ਪਾਰਟੀ ਦੀ ਲੋਕਪਿ੍ਰਅਤਾ ਵੇਖ ਕੇ ਭਾਜਪਾ ਪਾਰਟੀ ਬੁਖਲਾਹਟ ਵਿੱਚ ਆਈ-ਵਿਧਾਇਕ ਸ਼ੈਰੀ ਕਲਸੀ”
ਬਟਾਲਾ, 27 ਫਰਵਰੀ (ਰੋਹਿਤ ਗੋਇਲ – ਰਾਜਨ ਜੈਨ): ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀ ਕੀਤੀ ਗਿ੍ਰਫਤਾਰੀ ਦੀ ਘੋਰ ਨਿਖੇਧੀ ਕਰਦਿਆਂ ਹਲਕਾ ਵਿਧਾਇਕ ਬਟਾਲਾ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਭਾਜਪਾ ਵਲੋਂ ਕੀਤੀ ਗਈ ਇਹ ਕਾਰਵਾਈ ਲੋਕਤੰਤਰ ਦਾ ਗਲਾ ਘੁੱਟਣ ਦੇ ਸਮਾਨ ਹੈ ਤੇ ਭਾਜਪਾ ਦੀਆਂ ਅਜਿਹੀਆਂ ਲੋਕਤੰਤਰ ਵਿਰੋਧੀ ਕਾਰਵਾਈਆਂ ਦਾ ਆਮ ਆਦਮੀ ਪਾਰਟੀ ਡੱਟ ਕੇ ਵਿਰੋਧ ਕਰੇਗੀ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵਲੋ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜ ਖਾਸਕਰਕੇ ਸਿੱਖਿਆ ਦੇ ਖੇਤਰ ਵਿਚ ਕੀਤੀਆਂ ਉਪਲੱਬਧੀਆਂ ਦੀ ਦੇਸ਼-ਵਿਦੇਸ਼ ਵਿੱਚ ਭਰਵੀਂ ਸ਼ਲਾਘਾ ਹੋਈ ਹੈ ਅਤੇ ਉਨਾਂ ਵਲੋਂ ਦਿੱਲੀ ਦੇ ਲੋਕਾਂ ਲਈ ਕੀਤੇ ਗਏ ਵਿਕਾਸ ਕੰਮ ਵੇਖ ਕੇ ਭਾਜਪਾ ਪਾਰਟੀ ਬੁਖਲਾਹਟ ਵਿੱਚ ਆ ਕੇ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਉਹ ਭਾਜਪਾ ਦੀਆਂ ਲੋਕ ਵਿਰੋਧੀ ਕਾਰਵਾਈਆਂ ਦਾ ਡੱਟ ਕੇ ਸਾਹਮਣਾ ਕਰੇਗੀ।ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਮੁਨੀਸ਼ ਸਿਸੋਦੀਆਂ ਦੀ ਅਗਵਾਈ ਹੇਠ ਆਪ ਪਾਰਟੀ ਦੀ ਦੇਸ਼ ਅੰਦਰ ਦਿਨੋ ਦਿਨ ਵੱਧ ਰਹੀ ਲੋਕਪਿ੍ਰਅਤਾ ਤੋਂ ਕੇਂਦਰ ਵਿਚਲੀ ਭਾਜਪਾ ਸਰਕਾਰ ਅਜਿਹੀ ਕਾਰਵਾਈ ਕਰ ਰਹੀ ਹੈ ਪਰ ਦੇਸ਼ ਦੇ ਲੋਕ ਆਪ ਪਾਰਟੀ ਦੇ ਨਾਲ ਖੜ੍ਹੇ ਹਨ।ਉਨਾਂ ਕਿਹਾ ਕਿ ਆਪ ਪਾਰਟੀ ਵਲੋ ਦਿੱਲੀ ਅਤੇ ਪੰਜਾਬ ਵਿਚ ਕੀਤੇ ਜਾ ਰਹੇ ਇਤਿਹਾਸਕ ਵਿਕਾਸ ਕੰਮ ਅਤੇ ਲੋਕ ਪੱਖੀ ਨੀਤੀਆਂ ਤੋਂ ਭਾਜਪਾ ਪਾਰਟੀ ਨੂੰ ਹੱਥਾਂ ਪੈਰਾਂ ਦੀ ਪਈ ਹੈ ਅਤੇ ਆਪ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਇਨਾਂ ਲੋਕਤੰਤਰੀ ਵਿਰੋਧੀ ਕਾਰਵਾਈਆਂ ਦਾ ਜਵਾਬ ਦੇਸ਼ਵਾਸੀ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਦੇਣਗੇ। ਉਨਾਂ ਕਿਹਾ ਕਿ ਆਪ ਪਾਰਟੀ ਮੁਨੀਸ਼ ਸਿਸੋਦੀਆਂ ਨਾਲ ਚੱਟਾਨ ਦੀ ਤਰਾਂ ਨਾਲ ਖੜ੍ਹੀ ਹੈ ਅਤੇ ਭਾਜਪਾ ਦੀ ਅਜਿਹੀਆਂ ਕਾਰਵਾਈਆਂ ਦਾ ਸਖਤੀ ਨਾਲ ਵਿਰੋਧ ਕਰੇਗੀ।
