Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਜੇਲਾਂ ’ਚ ਵੀ ਸੁਰੱਖਿਅਤ ਨਹੀਂ ਤਾਂ ਹੋਰ ਸੁਰੱਖਿਆ...

ਨਾਂ ਮੈਂ ਕੋਈ ਝੂਠ ਬੋਲਿਆ..?
ਜੇਲਾਂ ’ਚ ਵੀ ਸੁਰੱਖਿਅਤ ਨਹੀਂ ਤਾਂ ਹੋਰ ਸੁਰੱਖਿਆ ਕਿਥੇ ?

83
0

ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ ’ਚ ਗੈਂਗਸਟਰਾਂ ਵਿਚਾਲੇ ਖੂਨੀ ਝੜਪ ’ਚ ਦੋ ਗੈਂਗਸਟਰ ਮਨਦੀਪ ਸਿੰਘ ਉਰਫ ਤੂਫਾਨ ਅਤੇ ਮਨਮੋਹਨ ਸਿੰਘ ਉਰਫ ਮੋਹਨੀ ਦੀ ਮੌਤ ਹੋ ਗਈ। ਜਦਕਿ ਸ਼ਿਵ ਕੁਮਾਰ ਸਮੇਤ ਹੋਰ ਗੈਂਗਸਟਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਸਾਰੇ ਗੈਂਗਸਟਰ ਪੰਜਾਬ ਦੇ ਮਸ਼ਹੂਰ ਗਾਇਕ-ਕਲਾਕਾਰ ਸਿੱਧੂ ਮੂਸੇ ਵਾਲਾ ਦੇ ਕਤਲ ’ਚ ਨਾਮਜ਼ਦ ਸਨ ਅਤੇ ਗ੍ਰਿਫਤਾਰੀ ਤੋਂ ਬਾਅਦ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਮਾਮਲੇ ’ਚ ਉਸ ਜੇਲ ’ਚ 19 ਗੈਂਗਸਟਰ ਨਜ਼ਰਬੰਦ ਰੱਖੇ ਗਏ ਸਨ। ਇਸ ਕਤਲ ਤੋਂ ਬਾਅਦ ਵਿਦੇਸ਼ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਮਨਦੀਪ ਸਿੰਘ ਉਰਫ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰ ਜੇਲਾਂ ’ਚ ਕਿਵੇਂ ਆਪਣਾ ਪ੍ਰਭਾਵ ਬਣਾ ਕੇ ਰੱਖਦੇ ਹਨ ਅਤੇ ਆਸਾਨੀ ਨਾਲ ਵਿਦੇਸ਼ ਵਿਚ ਬੈਠੇ ਹੀ ਜੇਲਾਂ ਰਾਹੀਂ ਜਾਂ ਬਾਹਰ ਦੇ ਗੁਰਗਿਆਂ ਤੋਂ ਕਤਲ, ਫਿਰੌਤੀ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਵਾ ਰਹੇ ਹਨ। ਜੇਲ ਦੇ ਅੰਦਰ ਜਾਂ ਜੇਲ ਦੇ ਬਾਹਰ ਬੈਠੇ ਕਿਸੇ ਦਾ ਵੀ ਕਤਲ ਕਰਵਾਉਣਾ ਹੁਣ ਇੰਨ੍ਹਾਂ ਲਈ ਮਾਮੂਲੀ ਗੱਲ ਬਣ ਕੇ ਰਹਿ ਗਈ ਹੈ। ਜੇ ਗੋਲਡੀ ਬਰਾੜ ਵਿਦੇਸ਼ ਵਿੱਚ ਬੈਠਾ ਜੇਲ੍ਹ ਵਿੱਚ ਕਿਸੇ ਵੱਡੇ ਗੈਂਗਸਟਰ ਨੂੰ ਮਾਰ ਸਕਦਾ ਹੈ ਤਾਂ ਇਸ ਵਿਚ ਗੋਲਡੀ ਬਰਾੜ ਦੀ ਹਿੰਮਤ ਤਾਂ ਹੈ ਹੀ ਇਸਦੇ ਨਾਲ ਹੀ ਇਹ ਪੰਜਾਬ ਸਰਕਾਰ ਅਤੇ ਜਲ ਪ੍ਰਸਾਸ਼ਨ ਦਾ ਜਬਰਦਸਤ ਫੇਲੀਅਰ ਹੈ। ਅਸੀਂ ਪਹਿਲਾਂ ਇਹ ਵੀ ਕਹਿੰਦੇ ਹਾਂ ਕਿ ਜੇਲ੍ਹ ਇਸ ਲਈ ਤਿਆਰ ਕੀਤੀ ਗਈ ਸੀ ਤਾਂ ਜੋ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਦੇ ਤੌਰ ’ਤੇ ਉਥੇ ਰੱਖਿਆ ਜਾਵੇ ਅਤੇ ਜੇਲ ਵਿਚ ਸਜਾ ਕੱਟਦੇ ਹੋਏ ਉਸਨੂੰ ਇਹ ਮਹਿਸੂਸ ਹੋਵੇ ਕਿ ਉਸ ਨੇ ਜੋ ਜ਼ੁਰਮ ਕੀਤਾ ਹੈ ਉਹ ਗਲਤ ਸੀ ਅਤੇ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਭਵਿੱਖ ਵਿੱਚ ਅਪਰਾਧ ਕਰਨ ਤੋਂ ਤੌਬਾ ਕਰੇ। ਪਰ ਅੱਜ ਜੇਲ੍ਹ ਦੇ ਅਰਥ ਹੀ ਬਦਲ ਗਏ ਹਨ। ਜੇਲ੍ਹਾਂ ਅਪਰਾਧੀਆਂ ਲਈ ਸੁਧਾਰ ਘਰ ਨਹੀਂ, ਸਗੋਂ ਸਿਖਲਾਈ ਘਰ ਬਣ ਗਈਆਂ ਹਨ। ਸ਼ੁਰੂ ਤੋਂ ਲੈ ਕੇ ਅੱਜ ਤੱਕ ਹਰ ਸਰਕਾਰ ਇਹ ਦਾਅਵਾ ਕਰਦੀ ਆ ਰਹੀ ਹੈ ਕਿ ਜੇਲ੍ਹ ਵਿੱਚ ਮੋਬਾਈਲ ਫੋਨ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਪਰ ਜਦੋਂ ਵੀ ਜੇਲ੍ਹਾਂ ਵਿਚ ਤਲਾਸ਼ੀ ਲਈ ਗਈ ਤਾਂ ਖ਼ੌਫ਼ਨਾਕ ਅਪਰਾਧੀਆਂ ਤੋਂ ਵੱਡੀ ਗਿਣਤੀ ਵਿਚ ਮੋਬਾਈਲ ਫ਼ੋਨ ਬਰਾਮਦ ਹੋਏ। ਇਥੋਂ ਤੱਕ ਕਿ ਜੇਲ੍ਹਾਂ ਵਿਚੋਂ ਹਥਿਆਰ ਵੀ ਬਰਾਮਦ ਅਕਸਰ ਹੀ ਹੁੰਦੇ ਰਹਿੰਦੇ ਹਨ। ਕੀ ਇਹ ਗੱਲਾਂ ਹੁਣ ਤੱਕ ਕਿਸੇ ਵੀ ਸਰਕਾਰ ਜਾਂ ਏਜੰਸੀ ਲਈ ਜਾਂਚ ਦਾ ਲਿਸ਼ਾ ਨਹੀਂ ਬਣੀਆਂ। ਇਹ ਵੀ ਸਾਫ ਜਾਹਿਰ ਹੈ ਕਿ ਜੋ ਹਥਿਆਰ ਜੇਲਾਂ ਚੋਂ ਫੜੇ ਜਾਂਦੇ ਹਨ ਉਹ ਲਾਇਸੰਸੀ ਤਾਂ ਹੋ ਨਹੀਂ ਸਕਦੇ । ਫਿਰ ਇਹ ਕਿਸੇ ਜਾਂਚ ਦਾ ਵਿਸ਼ਾ ਕਿਉਂ ਨਹੀਂ ਹੁੰਦਾ ਕਿ ਜੇਲਾਂ ਵਿਚ ਹਥਿਆਰ ਕਿਵੇਂ ਪਹੁੰਚਾਏ ਜਾਂਦੇ ਹਨ ਅਤੇ ਫੜੇ ਗਏ ਮੋਬਾਈਲ ਫ਼ੋਨਾਂ ਦਾ ਅੱਜ ਤੱਕ ਖ਼ੁਲਾਸਾ ਨਹੀਂ ਕੀਤਾ ਜਾ ਸਿਕਆ ਕਿ ਕੈਦੀਆਂ ਪਾਸ ਮੋਬਾਇਲ ਫੋਨ ਕਿਥੋਂ ਆਉਂਦੇ ਹਨ। ਇਹੀ ਕਾਰਨ ਹੈ ਕਿ ਜੇਲ੍ਹਾਂ ’ਚ ਬੈਠੇ ਵੱਡੇ-ਵੱਡੇ ਅਪਰਾਧੀਆਂ ਦਾ ਦੇਸ਼-ਵਿਦੇਸ਼ ਵਿੱਚ ਬੈਠੇ ਅਪਰਾਧੀਆਂ ਵਿੱਚ ਤਾਲਮੇਲ ਪੂਰੀ ਤਰ੍ਹਾਂ ਬਰਕਰਾਰ ਹੈ ਭਾਵੇਂ ਜੇਲ੍ਹ ਦੇ ਬਾਹਰ ਬੈਠੇ ਅਪਰਾਧੀ ਹੋਣ ਜਾਂ ਜੇਲ੍ਹ ਦੇ ਅੰਦਰ ਬੈਠੇ ਅਪਰਾਧੀ ਹਨ। ਜੇਲ੍ਹਾਂ ਵਿੱਚ ਬੈਠੇ ਅਪਰਾਧੀ ਸੁਪਾਰੀ ਲੈ ਕੇ ਅੰਦਰੋਂ ਹੀ ਕਤਲ ਕਰਵਾ ਦਿੰਦੇ ਹਨ। ਇਹ ਸਾਰੀਆਂ ਗੱਲਾਂ ਦਾ ਖੁਲਾਸਾ ਪੁਲਿਸ ਵਲੋਂ ਸਮੇਂ ਸਮੇਂ ਤੇ ਜਦੋਂ ਕੋਈ ਅਜਿਹੀ ਸੰਗੀਨ ਘਟਨਾ ਵਾਪਰਦੀ ਹੈ ਜਦੋਂ ਪੁਲਿਸ ਅਧਿਕਾਰੀ ਜੇਲਾਂ ਵਿਚੋਂ ਪੁੱਛ ਗਿਛ ਲਈ ਅਪਰਾਧੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਉਂਦੇ ਹਨ। ਜਦੋਂ ਤੱਕ ਜੇਲ੍ਹ ਨੂੰ ਸੁਧਾਰ ਘਰ ਵਜੋਂ ਸਥਾਪਿਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਪਰਾਧ ਨੂੰ ਰੋਕਣਾ ਅਸੰਭਵ ਹੈ। ਇਸ ਲਈ ਸਭ ਤੋਂ ਪਹਿਲਾਂ ਜੇਲਾ ਵਿਚ ਮੋਬਾਈਲ ਫੋਨ ਪੂਰੀ ਤਰ੍ਹਾਂ ਬੰਦ ਹੋਣੇ ਚਾਹੀਦੇ ਹਨ। ਜਦੋਂ ਕਿਸੇ ਵੱਡੇ ਲੀਡਰ ਨੇ ਕਿਤੇ ਜਾਣਾ ਹੁੰਦਾ ਹੈ ਤਾਂ ਉਸ ਇਲਾਕੇ ਵਿਚ ਜੈਮਰ ਲਗਾ ਦਿਤੇ ਜਾਂਦੇ ਹਨ। ਜਿਸ ਨਾਲ ਉਸ ਏਰੀਏ ਦੇ ਮੋਬਾਇਲ ਫੋਨ ਦਾ ਨੈਟਵਰਕ ਉਥੇ ਕੰਮ ਨਹੀਂ ਕਰਦਾ। ਕੀ ਸਰਕਾਰ ਅਤੇ ਜੇਲ ਪ੍ਰਸਾਸ਼ਨ ਜੇਲਾਂ ਵਿਚ ਜੈਮਰ ਹੁਣ ਤੱਕ ਕਿਉਂ ਨਹੀਂ ਲਗਾ ਸਕੀਆਂ। ਇਸ ਨਾਲ ਜੇਲਾਂ ਵਿਚ ਬੈਠੇ ਅਪਰਾਧੀਆਂ ਦਾ ਬਾਹਰ ਹਰ ਤਰ੍ਹਾਂ ਦਾ ਨੈਟਵਰਕ ਕਿਸੇ ਹੱਦ ਤੱਕ ਸਮਾਪਤ ਕੀਤਾ ਜਾ ਸਕਦਾ ਹੈ। ਇਸ ਨੈੱਟਵਰਕ ਨੂੰ ਖ਼ਤਮ ਕਰਨ ਦੇ ਨਾਲ ਹੀ ਜੇਕਰ ਜੇਲਾਂ ਵਿਚੋਂ ਮੋਬਾਇਲ ਫੋਨ ਬਰਾਮਦ ਹੁੰਦੇ ਹਨ ਤਾਂ ਉਸਦੇ ਪਿੱਛੇ ਜੇਲ ਪ੍ਰਸਾਸ਼ਨ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨੂੰ ਨੰਗਾ ਕੀਤਾ ਜਾਣਾ ਚਾਹੀਦਾ ਹੈ। ਜਿਸ ਜੇਲ ਵਿਚੋਂ ਮੋਬਾਇਲ ਫੋਨ ਬਰਾਮਦ ਹੋਵੇ ਉਸਦੇ ਪ੍ਰਸਾਸ਼ਨ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਹੀ ਜੇਲ੍ਹਾਂ ’ਚੋਂ ਮੋਬਾਈਲ ਫ਼ੋਨ ਮਿਲਣ ਦਾ ਇਹ ਸਿਲਸਿਲਾ ਬੰਦ ਹੋ ਸਕੇਗਾ। ਜੇਕਰ ਪੰਜਾਬ ਸਰਕਾਰ ਇਸ ਪਾਸੇ ਸਖਤ ਕਦਮ ਨਹੀਂ ਉਠਾਉਂਦੀ ਤਾਂ ਵਿਦੇਸ਼ਾਂ ’ਚ ਬੈਠੇ ਖ਼ੌਫ਼ਨਾਕ ਅਪਰਾਧੀ ਜੇਲ੍ਹਾਂ ਰਾਹੀਂ ਕਤਲ ਦੀ ਸੁਪਾਰੀ ਵੀ ਲੈਣਗਹੇ, ਬਾਹਰ ਕਤਲ ਕਰਵਾਉਣਗੇ ਵੀ, ਫਿਰੌਤੀ ਵੀ ਮੰਗਣਗੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਨਗੇ। ਇਸ ਲਈ ਇਹ ਬਹੁਤ ਗੰਭੀਰ ਮਾਮਲਾ ਹੈ। ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਸਿਰਫ ਬਿਆਨਬਾਜ਼ੀ ਕਰਕੇ ਨਹੀਂ ਹਕੀਕਤ ਵਿਚ ਸਖਤ ਕਾਰਵਾਈ ਨੂੰ ਅਮਲ ਵਿਚ ਲਿਆ ਕੇ ਹੀ ਅਪਰਾਧ ਨੂੰ ਰੋਕਿਆ ਜਾ ਸਕਦਾ ਹੈ।

ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here