– ਸਵੈ ਰੋਜ਼ਗਾਰ ਲਈ 1625 ਨੌਜਵਾਨਾਂ ਨੂੰ 24.97 ਕਰੋੜ ਦਾ ਦਿਵਾਇਆ ਗਿਆ ਕਰਜ਼ਾ
ਫ਼ਤਹਿਗੜ੍ਹ ਸਾਹਿਬ, 03 ਮਾਰਚ ( ਵਿਕਾਸ ਮਠਾੜੂ, ਧਰਮਿੰਦਰ)-ਐਸ.ਬੀ.ਆਈ. ਦੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਹੁਣ ਤੱਕ ਦਿਹਾਤੀ ਖੇਤਰ ਦੇ 5593 ਲੜਕੇ ਤੇ ਲੜਕੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਗਈ ਹੈ ਜਿਨ੍ਹਾਂ ਵਿੱਚੋਂ 3977 ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਆਰਸੇਟੀ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਨੇ 1625 ਨੌਜਵਾਨਾਂ ਨੂੰ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਬੈਂਕਾਂ ਤੋਂ 24.97 ਕਰੋੜ ਦੇ ਕਰਜ਼ੇ ਵੀ ਮੁਹੱਈਆ ਕਰਵਾਏ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਸੇਟੀ ਵੱਲੋਂ ਦਿਹਾਤੀ ਖੇਤਰ ਦੇ ਪੜ੍ਹੇ ਲਿਖੇ ਲੜਕੇ ਤੇ ਲੜਕੀਆਂ ਨੂੰ 64 ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਨ੍ਹਾਂ ਵਿੱਚੋਂ ਡੇਅਰੀ ਫਾਰਮਿੰਗ, ਵਰਮੀ ਕੰਪੋਸਟ ਬਣਾਉਣ, ਬਿਊਟੀ ਪਾਰਲਰ, ਮਧੂਮੱਖੀ ਪਾਲਣ, ਕੰਪਿਊਟਰ ਰਾਹੀਂ ਅਕਾਊਂਟ ਦੀ ਸਿਖਲਾਈ, ਸੀ.ਸੀ.ਟੀ.ਵੀ. ਕੈਮਰੇ ਇੰਸਟਾਲ ਕਰਨ ਤੇ ਮੋਬਾਇਲ ਫੋਨ ਦੀ ਮੁਰੰਮਤ ਆਦਿ ਵਰਗੇ ਪ੍ਰਮੁੱਖ ਕਿੱਤੇ ਸ਼ਾਮਲ ਹਨ। ਉਨ੍ਹਾਂ ਹੋਰ ਦੱਸਿਆ ਕਿ ਸਾਲ 2022-23 ਦੌਰਾਨ ਇਸ ਸੰਸਥਾ ਵੱਲੋਂ ਜ਼ਿਲ੍ਹੇ ਦੇ 435 ਬੇਰੋਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਿਨ੍ਹਾਂ ਵਿੱਚੋਂ 412 ਨੌਜਵਾਨਾਂ ਦਾ ਸਵੈ ਰੋਜ਼ਗਾਰ ਸ਼ੁਰੂ ਕਰਵਾਇਆ ਗਿਆ। ਇਸ ਤੋਂ ਇਲਾਵਾ ਮੁਦਰਾ ਯੋਜਨਾ ਅਧੀਨ 347 ਨੌਜਵਾਨਾਂ ਨੂੰ 3.61 ਕਰੋੜ ਦੇ ਕਰਜ਼ੇ ਦਿਵਾਏ ਗਏ ਹਨ ਤਾਂ ਜੋ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ।ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਇਸ ਸੰਸਥਾ ਵੱਲੋਂ ਸਾਲ 2022-23 ਦੌਰਾਨ 435 ਨੌਜਵਾਨਾਂ ਨੂੰ ਸਿਖਲਾਈ ਦੇਣ ਲਈ 14 ਬੈਚ ਲਗਾਏ ਗਏ । ਇਨ੍ਹਾਂ ਵਿੱਚੋਂ 71 ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ 70 ਲੱਖ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੱਚ ਸਿਖਲਾਈ ਲਈ ਆਉਣ ਵਾਲੇ ਪ੍ਰਾਰਥੀਆਂ ਨੂੰ ਸਾਰੇ ਕਿੱਤਿਆਂ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿਖਿਆਰਥੀਆਂ ਨੂੰ ਦਿਨ ਵਿੱਚ ਦੋ ਵਾਰ ਚਾਹ ਤੇ ਦੁਪਿਹਰ ਦੀ ਖਾਣਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਆਰਸੇਟੀ ਬਾਰੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਕੇ ਆਪਣੇ ਪੈਰ੍ਹਾਂ ਤੇ ਖੜੇ ਹੋ ਸਕਣ।ਇਸ ਮੌਕੇ ਆਰਸੇਟੀ ਦੇ ਡਾਇਰੈਕਟਰ ਰਾਮ ਲਾਲ ਆਹੁਜਾ, ਸਟੇਟ ਡਾਇਰੈਕਟਰ ਚਰਨਜੀਤ ਸਿੰਘ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਮੁਕੇਸ਼ ਸੈਣੀ, ਡੀ. ਡੀ.ਐਮ. ਨਬਾਰਡ ਦਵਿੰਦਰ ਕੁਮਾਰ, ਆਰ.ਬੀ.ਆਈ. ਦੀ ਏ.ਜੀ.ਐਮ. ਅਨਿਤਾ ਸ਼ਰਮਾ ਵੀ ਮੌਜੂਦ ਸਨ।