ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਡੇਰਾ ਸੱਚਖੰਡ ਬੱਲਾ ਵਿਖੇ ਹੋਏ ਪ੍ਰੋਗਰਾਮ ਦੌਰਾਨ ਸ਼੍ਰੀ ਗੁਰੂ ਰਵਿਦਾਸ ਵਾਣੀ ਅਧਿਅਨ ਕੇਂਦਰ ਦਾ ਉਦਘਾਟਨ ਕਰਨ ਸਮੇਂ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਨੂੰ ਸਹੀ ਢੰਗ ਨਾਲ ਸੰਭਾਲਣ ਅਤੇ ਪੂਰੀ ਸਥਿਤੀ ਨੂੰ ਸਫਲਤਾ ਪੂਰਵਕ ਨਿਪਟਨ ਤੇ ਭਗਵੰਤ ਮਾਨ ਦੀ ਪਿੱਠ ਥਪਥਪਾਈ। ਇਸਦੇ ਨਾਲ ਹੀ ਉਨ੍ਹਾਂ ਪੰਜਾਬ ’ਚ ਨਸ਼ਾ ਤਸਕਰੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਜਿਸ ’ਚ ਉਨ੍ਹਾਂ ਕਿਹਾ ਹੈ ਕਿ ਪੰਜਾਬ ’ਚ ਕਿਸੇ ਵੀ ਨਸ਼ਾ ਤਸਕਰ ’ਚ ਹਿੰਮਤ ਨਹੀਂ ਹੈ ਕਿ ਹੁਣ ਉਹ ਪਹਿਲਾਂ ਵਾਂਗ ਨਸ਼ਾ ਵੇਚ ਸਕੇ। ਪਰ ਜੇਕਰ ਗੱਲ ਜਮੀਨੀ ਹਕੀਕਤ ਦੀ ਕਰੀਏ ਤਾਂ ਪੰਜਾਬ ਵਿੱਚ ਲਾ ਐੰਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਚਰਮਰਾ ਚੁੱਕੀ ਹੈ। ਨਸ਼ੇ ਦੀ ਤਸਕਰੀ ਵੀ ਪਹਿਲਾਂ ਵਾਂਗ ਹਰ ਪਿੰਡ ਅਤੇ ਸ਼ਹਿਰ ਦੇ ਗਲੀ ਮੁਹੱਲੇ ਵਿਚ ਧੜ੍ਹੱਲੇ ਨਾਲ ਹੋ ਰਹੀ ਹੈ। ਜੇਕਰ ਅਸੀਂ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਅੰਦਰ ਚੱਲ ਰਹੇ ਭਾਈ ਅੰਮ੍ਰਿਤਪਾਲ ਸੰਬੰਧੀ ਚੱਲ ਰਹੀ ਪ੍ਰਕ੍ਰਿਆ ਨੂੰ ਇਕ ਪਾਸੇ ਵੀ ਛੱਡ ਦੇਈਏ ਤਾਂ ਉਸਤੋਂ ਬਗੈਰ ਹੀ ਪੰਜਾਬ ਵਿਚ ਅਨ ਨਕਾਨੂੰਨ ਦੀ ਸਥਿਤੀ ਬੇਗੱਦ ਖਰਾਬ ਹੈ। ਪੰਜਾਬ ਵਿੱਚ ਨਿੱਤ ਵਾਪਰ ਰਹੀਆਂ ਕਤਲਾਂ, ਲੁੱਟਾਂ-ਖੋਹਾਂ ਅਤੇ ਜਬਰੀ ਵਸੂਲੀ ਦੀਆਂ ਧਮਕੀਆਂ ਦੀਆਂ ਘਟਨਾਵਾਂ ਕਾਰਨ ਆਮ ਆਦਮੀ ਵਿੱਚ ਸਹਿਮ ਵਿਚ ਹੈ। ਪੁਲਿਸ ਆਪਣੀ ਮਰਜ਼ੀ ਅਨੁਸਾਰ ਕੰਮ ਕਰ ਰਹੀ ਹੈ। ਕਈ ਖੇਤਰ ਅਜਿਹੇ ਹਨ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਪੁਲਿਸ ਰਾਹੀਂ ਆਪਣੇ ਵਿਰੋਧੀਆਂ ਖਿਲਾਫ ਅਤੇ ਆਪਣੇ ਚਾਪਲੂਸਾਂ ਨੂੰ ਖੁਸ਼ ਰੱਖਣ ਲਈ ਨਜਾਇਜ ਕਾਰਵਾਈ ਕਰਵਾਉਂਦੇ ਨਜ਼ਰ ਆ ਰਹੇ ਹਨ। ਪੁਲਿਸ ਸਿਆਸੀ ਲੋਕਾਂ ਦੇ ਇਸ਼ਾਰੇ ’ਤੇ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ’ਚ ਲੱਗੀ ਹੋਈ ਹੈ। ਜੇਕਰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਨਹੀਂ ਤਾਂ ਉਨ੍ਹਾਂ ਕੋਲ ਖੁਫੀਆ ਏਜੰਸੀਆਂ ਅਤੇ ਹਰ ਖੇਤਰ ’ਚ ਪਾਰਟੀ ਦੇ ਅੰਦਰੋਂ ਹੀ ਪਾਰਟੀ ਆਗੂ ਦੇ ਵਿਰੋਧੀ ਵੀ ਮੌਜੂਦ ਹਨ। ਇਸ ਲਈ ਉਹ ਆਪਣੀ ਹੀ ਪਾਰਟੀ ਦੇ ਉਨ੍ਹਾਂ ਵਰਕਰਾਂ ਪਾਸੋਂ ਹਰ ਹਲਕੇ ਦੀ ਸਹੀ ਤਸਵੀਰ ਦੇਖ ਸਕਦੇ ਹਨ। ਉਨ੍ਹਾਂ ਦੀ ਪਾਰਟੀ ਦੇ ਕਈ ਆਗੂ ਕੀ ਕਰ ਰਹੇ ਹਨ ਫਿਰ ਸਮਝ ਆ ਸਕੇਗੀ। ਇਸੇ ਤਰ੍ਹਾਂ ਪੰਜਾਬ ਅੱਜ ਵੀ ਨਸ਼ੇ ਦੀ ਤਸਕਰੀ ਪਹਿਲਾਂ ਵਾਂਗ ਧੜ੍ਹਲੇ ਨਾਲ ਚੱਲ ਰਹੀ ਹੈ। ਇਹ ਅਸਲੀਅਤ ਹੈ ਕਿ ਜੇਕਰ ਪੁਲਿਸ ਚਾਹੇ ਤਾਂ ਇਕ ਚੁਟਕੀ ਵੀ ਨਸ਼ੇ ਦੀ ਵਿੱਕਰੀ ਨਹੀਂ ਹੋ ਸਕਦੀ। ਅੱਜ ਵੀ ਨਸ਼ਾ ਤਸਕਰੀ ਦੇ ਨਾਂ ’ਤੇ ਛੋਟੇ-ਮੋਟੇ ਨਸ਼ੇੜੀਆਂ ਨੂੰ ਫੜ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਹੁਣ ਦੇ ਜਮੀਨੀ ਹਾਲਾਤ ਇਹ ਹਨ ਕਿ ਹਰ ਪਿੰਡ ਅਤੇ ਸ਼ਹਿਰ ਵਿਚ ਖੂਬ ਨਸ਼ਾ ਤਸਕਰੀ ਹੋ ਰਹੀ ਹੈ। ਜਦੋਂ ਵੀ ਵਿਰੋਧੀ ਧਿਰ ਇਸ ਮੁੱਦੇ ਨੂੰ ਉਠਾਉਂਦੇ ਹਨ ਤਾਂ ਸਰਕਾਰ ਪੁਲਿਸ ਨੂੰ ਦਬਾਅ ਪਾਉਂਦੀ ਹੈ । ਫਿਰ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਦੇ ਨਾਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾਂਦੀ ਹੈ। ਇਹ ਵਰਤਾਰਾ ਕਈ ਵਾਰ ਅਪਨਾਇਆ ਜਾ ਚੱੁਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਪੁਲਿਸ ਵਲੋਂ ਸਮੂਹਿਕ ਤੌਰ ਤੇ ਨਸ਼ਾ ਤਸਕਰਾਂ ਖਿਲਾਫ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ ਤਾਂ ਉਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਕੋਈ ਵੱਡਾ ਤਸਕਰ ਨਹੀਂ ਮਿਲਿਆ। ਪੰਜਾਬ ’ਚ ਚਿੱਟਾ ਨਾਮ ਦੇ ਕੈਮੀਕਲ ਨਸ਼ੇ ਦਾ ਆਦੀ ਨੌਜਵਾਨ ਅੱਜ ਵੀ ਮੌਤ ਦੇ ਮੂੰਗ ਵਿਚ ਜਾ ਰਹੇ ਹਨ। ਸਿਤਮ ਇਹ ਹੈ ਕਿ ਇਸ ਨਸ਼ੇ ਦੀ ਦਲ ਦਲ ਵਿਚ ਬਹੁਤੇ ਗਰੀਬ ਪਰਿਵਾਰਾਂ ਦੇ ਬੱਚੇ ਫਸੇ ਹੋਏ ਹਨ। ਜੇਕਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਨੂੰ ਸੱਚ ਮੁੱਚ ਹੀ ਨਸ਼ਾ ਮੁਕਤ ਕਰਵਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਉਹ ਇਸ ਦੇ ਸੰਬੰਧ ਵਿਚ ਜਮੀਨੀ ਹਕੀਕਤ ਨੂੰ ਸਮਝਣ। ਉਸਤੋਂ ਬਾਅਦ ਇਸ ਮਾਮਲੇ ਵਿਚ ਇਮਾਨਦਾਰੀ ਅਤੇ ਗੰਭੀਰਤਾ ਨਾਲ ਕੰਮ ਕਰਨ ਦੀ ਜਰੂਰਤ ਹੈ.। ਜੇਕਰ ਕੋਈ ਛੋਟਾ ਸਮਗਲਰ ਫੜ ਵੀ ਲਿਆ ਜਾਂਦਾ ਹੈ ਤਾਂ ਉਸਤੋਂ ਅੱਗੇ ਨਹੀਂ ਤੋਰੀ ਜਾਂਦੀ। ਜੇਕਰ ਅੱਗੇ ਦੀ ਪੁੱਛਦਿਛ ਵਿਚ ਕਿਸੇ ਵੱਡੇ ਦਾ ਨਾਮ ਆ ਜਾਂਦਾ ਹੈ ਤਾਂ ਉਹ ਪੁਲਿਸ ਲਈ ਸਿਰਫ ਅਸਾਮੀ ਹੋ ਨਿਬੜਦੀ ਹੈ। ਇਹੀ ਕਾਰਨ ਇਹ ਹੈ ਕਿ ਅੱਜ ਤੱਕ ਪੰਜਾਬ ਵਿੱਚ ਕੋਈ ਵੀ ਵੱਡਾ ਤਸਕਰ ਪੁਲਿਸ ਦੇ ਹੱਥ ਨਹੀਂ ਆਇਆ ਅਤੇ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਭ੍ਰਿਸ਼ਟਾਚਾਰ ਤੇ ਨਕਕੇਲ ਕਸਣ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਇਸ ਮਾਮਲੇ ਵਿਚ ਵੀ ਕਟੱਹਰੇ ਵਿਚ ਹੀ ਖੜੀ ਹੈ ਕਿਉਂਕਿ ਪੰਜਾਬ ਵਿਚ ਇਸ ਸਮੇਂ ਵੀ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਬਰਕਰਾਰ ਹੈ। ਜੇਕਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਸਾਰੀ ਸਥਿਤੀ ਜਾਣ ਕੇ ਫਿਰ ਅੱਗੇ ਵਧਣ।
ਹਰਵਿੰਦਰ ਸਿੰਘ ਸੱਗੂ।